ਗੁਰਦੁਆਰਾ ‘ਮੰਜੀ ਸਾਹਿਬ’ ਮੂਲੋਵਾਲ (ਸੰਗਰੂਰ)

ਗੁਰਦੁਆਰਾ ‘ਮੰਜੀ ਸਾਹਿਬ’ ਮੂਲੋਵਾਲ, ਗੁਰੂ ਤੇਗ ਬਹਾਦਰ ਸਾਹਿਬ ਦੀ ਮਾਲਵਾ ਪ੍ਰਚਾਰ ਫੇਰੀ ਦੀ ਯਾਦ ਵਿਚ ਸੁਭਾਇਮਾਨ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ 1670 ਈ: ਵਿਚ ਰਾਜੋਮਾਜਰੇ ਤੋਂ ਦੁਪਹਿਰ ਵੇਲੇ ਇਥੇ ਆਏ ਅਤੇ ਇਕ ਖੂਹ ਦੇ ਨਜ਼ਦੀਕ ਅਰਾਮ ਕੀਤਾ। ਜਿਸ ਅਸਥਾਨ ‘ਤੇ ਗੁਰੂ ਜੀ ਬਿਰਾਜਮਾਨ ਹੋਏ ਉਸ ਬਾਰੇ ਚੌਧਰੀ ਗੋਂਦੇ ਨੇ ਕਿਹਾ, ‘ਇਹ ਅਸਥਾਨ ਸੁਲਤਾਨ ਦਾ ਹੈ ਅਤੇ ਬਹੁਤ ਸਾਰੇ ਸਖੀ ਸਰਵਰੀਏ ਇਸ ਦੀ ਪੂਜਾ ਕਰਦੇ ਹਨ।” ਗੁਰੂ ਜੀ ਨੇ ਸੁਭਾਵਿਕ ਕਿਹਾ, “ਹੁਣ ਇਹ ਅਸਥਾਨ ‘ਗੁਰੂ’ ਦਾ ਹੈ।” ਗੁਰੂ ਜੀ ਜਿਸ ਖੂਹ ਦੇ ਨਜ਼ਦੀਕ ਬੈਠੇ ਸਨ ਉਸ ਦਾ ਨਾਮ ‘ਗੁਰੂ ਕਾ ਖੂਹ’ ਪ੍ਰਚਲਿਤ ਹੋਇਆ। ਗੁਰੂ ਜੀ ਨੇ ਚੌਧਰੀ ਗੋਂਦੇ ਨੂੰ ਵਹਿਮਾਂ-ਭਰਮਾਂ ਤੋਂ ਨਿਜਾਤ ਦਿਵਾਈ ਤੇ ਪਿੰਡ ਦਾ ਮੁਖੀ ਸਿੱਖ ਥਾਪਿਆ। ਕੁਝ ਇਕ ਵਿਦਵਾਨਾਂ ਦਾ ਮੱਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਮੁਬਾਰਕ ਚਰਨ 14 ਦਸੰਬਰ, 1705 ਈ: ਨੂੰ ਇਸ ਧਰਤ ‘ਤੇ ਪਾਏ ਸਨ। ਗੁਰੂ ਸਾਹਿਬਾਨ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਨੇ ਯਾਦਗਾਰੀ ‘ਮੰਜੀ ਸਾਹਿਬ’ ਦਾ ਨਿਰਮਾਣ ਕਰਵਾਇਆ। 1825 ਈ: ਵਿਚ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ‘ਮੰਜੀ ਸਾਹਿਬ’ ਦੇ ਸਥਾਨ ‘ਤੇ ਵਿਸ਼ਾਲ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਕਰਵਾਈ। 1944 ਈ: ਵਿਚ ਗੁ: ਸਾਹਿਬ ਦੀ ਇਮਾਰਤ ਨੂੰ ਨਵੀਨ ਰੂਪ ਦੇਣ ਦਾ ਕਾਰਜ ਅਰੰਭਿਆ ਗਿਆ ਜੋ 1960 ਈ: ਵਿਚ ਸੰਪੂਰਨ ਹੋਇਆ। ਰਵਾਇਤ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ‘ਹੁਕਮਨਾਮੇ’ ਸੰਗਤ ਨੂੰ 27 ਅਗਸਤ, 1952 ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਖੁਦਵਾਈ ਕਰਦਿਆਂ ਮਿਲੇ ਸਨ। ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ, ਲੋਕਲ ਕਮੇਟੀ ਰਾਹੀਂ ਕਰਦੀ ਹੈ।

ਇਸ ਅਸਥਾਨ ‘ਤੇ ਪਹਿਲੀ, ਪੰਜਵੀਂ, ਨੌਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਤੇ ਹਰ ਸਾਲ ਸਾਲਾਨਾ ਜੋੜ ਮੇਲਾ 29-30 ਦਸੰਬਰ ਨੂੰ ਮਨਾਇਆ ਜਾਂਦਾ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ। ਰਿਹਾਇਸ਼ ਵਾਸਤੇ ਵੀ 10 ਕਮਰੇ ਬਣੇ ਹੋਏ ਹਨ।

ਇਹ ਅਸਥਾਨ ਪਿੰਡ ਮੂਲੋਵਾਲ, ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਵਿਚ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਧੂਰੀ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਧੂਰੀ- ਬਰਨਾਲਾ ਸੜਕ ‘ਤੇ ਸਥਿਤ ਹੈ। ਵਧੇਰੇ ਜਾਣਕਾਰੀ 01679-73209 ਫ਼ੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.