ਗੁਰਦੁਆਰਾ ‘ਲੋਹਗੜ੍ਹ ਸਾਹਿਬ’ ਦੀਨਾ (ਮੋਗਾ)

ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਧਰਤ ‘ਤੇ ਸੁਭਾਇਮਾਨ ਹੈ, ਇਤਿਹਾਸਕ ਗੁਰੂ-ਘਰ, ‘ਲੋਹਗੜ੍ਹ ਸਾਹਿਬ’ ਦੀਨਾ । ਦਸੰਬਰ 1705 ਈ: ਵਿਚ ਗੁਰੂ ਜੀ ਤਖਤੂਪੁਰੇ ਤੋਂ ਹੁੰਦੇ ਹੋਏ ਇਸ ਪਿੰਡ ਵਿਚ ਆਏ । ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰੇਮੀ ਗੁਰਸਿੱਖ ਭਾਈ ਰਾਇ ਜੋਧ ਦੇ ਪੋਤਰੇ ਚੌਧਰੀ ਲਖਮੀਰ ਤੇ ਚੌਧਰੀ ਸ਼ਮੀਰ ਇਥੋਂ ਦੇ ਰਹਿਣ ਵਾਲੇ ਸਨ । ਭਾਈ ਰੂਪੇ ਦਾ ਪਰਵਾਰ ਵੀ ਇਸ ਨਗਰ ਦਾ ਰਹਿਣ ਵਾਲਾ ਸੀ । ਪ੍ਰੇਮੀ ਗੁਰਸਿੱਖਾਂ ਨੇ ਗੁਰੂ ਜੀ ਦਾ ਬਹੁਤ ਆਦਰ-ਸਤਿਕਾਰ ਕੀਤਾ ਅਤੇ ਬਹੁਤ ਸਾਰੀਆਂ ਕੀਮਤੀ ਵਸਤਾਂ- ਚੰਗੇ ਘੋੜੇ, ਗੁਰੂ ਜੀ ਦੀ ਸੇਵਾ ਵਿਚ ਅਰਪਿਤ ਕੀਤੇ । ਗੁਰੂ ਜੀ ਨੇ ਕਾਫੀ ਦਿਨ ਆਪਣੇ ਪ੍ਰੇਮੀ ਗੁਰਸਿੱਖਾਂ ਪਾਸ ਨਿਵਾਸ ਕੀਤਾ ।

ਇਸ ਅਸਥਾਨ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਫ਼ਾਰਸੀ ਭਾਸ਼ਾ ਵਿਚ ਜਫ਼ਰਨਾਮਾ (ਫਤਹਿ ਨਾਮਾ) ਲਿਖਿਆ ਅਤੇ ਪਿਆਰੇ ਭਾਈ ਦਇਆ ਸਿੰਘ ਦੇ ਹੱਥ ਔਰੰਗਜ਼ੇਬ ਪਾਸ ਪਹੁੰਚਾਇਆ । ਗੁਰੂ ਜੀ ਦੀ ਆਮਦ ਦੀ ਖ਼ਬਰ ਸੁਣ ਕੇ ਬਹੁਤ ਸਾਰੇ ਪ੍ਰੇਮੀ ਗੁਰਸਿੱਖ ਦੂਰ-ਨੇੜੇ ਤੋਂ ਸੰਗਤੀ ਰੂਪ ਵਿਚ ਇਥੇ ਜੁੜਨ ਲੱਗੇ । ਰੋਜ਼ਾਨਾ ਦੀਵਾਨ ਸਜਦੇ, ਸਸ਼ਤਰਬਾਜ਼ੀ ਦੇ ਅਭਿਆਸ ਹੁੰਦੇ । ਇਸ ਅਸਥਾਨ ‘ਤੇ ਗੁਰੂ ਜੀ ਨੇ ‘ਅੰਮ੍ਰਿਤ ਸੰਚਾਰ’ ਕਰਵਾ ਕੇ ਕਈ ਪ੍ਰੇਮੀਆਂ ਨੂੰ ਗੁਰੂ-ਪਰਵਾਰ ਦਾ ਮੈਂਬਰ ਬਣਾਇਆ ।

ਗੁਰੂ ਜੀ ਦੇ ਨਿਵਾਸ ਅਸਥਾਨ ‘ਤੇ ਪ੍ਰੇਮੀ ਗੁਰਸਿੱਖਾਂ ਨੇ ਯਾਦਗਾਰੀ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ । ਇਸ ਧਾਰਮਕ ਅਸਥਾਨ ਦੇ ਵਿਕਾਸ ਲਈ ਮਹਾਰਾਜਾ ਰਣਜੀਤ ਸਿੰਘ, ਰਿਆਸਤ ਨਾਭਾ ਤੇ ਫਰੀਦਕੋਟ ਨੇ ਸਮੇਂ-ਸਮੇਂ ਯੋਗਦਾਨ ਪਾਇਆ । ਫਰੀਦਕੋਟ ਰਿਆਸਤ ਦੇ ਰਾਜਾ ਹਰਿੰਦਰ ਸਿੰਘ ਨੇ 1934 ਈ: ਵਿਚ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਕਰਵਾਈ । ਆਧੁਨਿਕ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਾਰਜ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਾਰ ਸੇਵਾ ਵਾਲੇ ਬਾਬਿਆਂ ਰਾਹੀਂ 1980 ਈ: ਨੂੰ ਆਰੰਭ ਕਰਵਾਇਆ । ਇਸ ਅਸਥਾਨ ਦਾ ਪ੍ਰਬੰਧ ਪਹਿਲਾਂ ਨਿਰਮਲੇ ਸਿੱਖ ਕਰਦੇ ਸਨ, ਹੁਣ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਲੋਕਲ ਕਮੇਟੀ ਰਾਹੀਂ ਕਰਦੀ ਹੈ ।

ਇਸ ਅਸਥਾਨ ‘ਤੇ ਪਹਿਲੀ, ਪੰਜਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਤੇ ਸਾਲਾਨਾ ਜੋੜ ਮੇਲਾ ਹਰ ਸਾਲ 13-14 ਜਨਵਰੀ ਨੂੰ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ।

ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ। ਰਿਹਾਇਸ਼ ਵਾਸਤੇ 10 ਕਮਰੇ ਬਣੇ ਹੋਏ ਹਨ । ਇਹ ਅਸਥਾਨ ਪਿੰਡ ਦੀਨਾ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਵਿਚ, ਨਿਹਾਲ ਸਿੰਘ ਵਾਲਾ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਬਰਨਾਲਾ-ਭਗਤਾ ਸੜਕ ‘ਤੇ ਸਥਿਤ ਹੈ ।

 

Gurdwara Text Courtesy :- Dr. Roop Singh, Secretary S.G.P.C.