ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ (ਹੁਸ਼ਿਆਰਪੁਰ)

‘ਗੁਰਦੁਆਰਾ ਸ਼ਹੀਦਾਂ’ ਲੱਧੇਵਾਲ, ਮਾਹਿਲਪੁਰ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੱਲੋਂ ਕੀਤੇ ਮਹਾਨ ਪਰਉਪਕਾਰੀ ਕਾਰਜ ਦੀ ਯਾਦ ਤਾਜ਼ਾ ਕਰਵਾਉਂਦਾ ਹੈ । ਬਲਵਾੜੇ ਦੇ ਵਸਨੀਕ ਬ੍ਰਾਹਮਣ ਦੀਆਂ ਦੋ ਲੜਕੀਆਂ ਵਿਆਹ ਪਿੱਛੋਂ ਜੇਜੋਂ ਨੂੰ ਜਾ ਰਹੀਆਂ ਸਨ ਕਿ ਰਸਤੇ ਵਿਚ ਬੱਸੀਕਲਾਂ ਦੇ ਪਠਾਣ ਹਾਕਮ ਨੇ ਜ਼ਬਰਦਸਤੀ ਆਪਣੇ ਕਬਜ਼ੇ ਵਿਚ ਕਰ ਲਈਆਂ । ਬ੍ਰਾਹਮਣ ਨੇ ਦਸਮੇਸ਼ ਪਿਤਾ ਦੇ ਦਰਬਾਰ ਵਿਚ ਹਾਜ਼ਰ ਹੋ ਕੇ ਦਰਦ-ਭਰੀ ਦਾਸਤਾਂ ਬਿਆਨ ਕੀਤੀ । ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਬਾਬਾ ਅਜੀਤ ਸਿੰਘ ਜੀ ਨੇ ਸਿੰਘਾਂ ਦੇ ਇਕ ਜਥੇ ਸਮੇਤ ਸੰਮਤ 1757 (1700 ਈ:) ਵਿਚ ਹਾਕਮ ਜ਼ਾਬਰ ਖਾਂ ਨੂੰ ਮੈਦਾਨੇ ਜੰਗ ਵਿਚ ਮਾਰ ਮੁਕਾਇਆ ਤੇ ਲੜਕੀਆਂ ਨੂੰ ਉਨ੍ਹਾਂ ਦੇ ਪਿਤਾ ਦੇ ਸਪੁਰਦ ਕੀਤਾ । ਇਸ ਧਰਮ ਕਾਰਜ ਵਿਚ ਕੁਝ ਸਿੰਘ ਵੀ ਸ਼ਹੀਦ ਹੋਏ, ਜਿਨ੍ਹਾਂ ਦੀ ਯਾਦ ਵਿਚ ‘ਗੁਰਦੁਆਰਾ ਸ਼ਹੀਦਾਂ’ ਸੁਭਾਇਮਾਨ ਹੈ । ਕਿਹਾ ਜਾਂਦਾ ਹੈ ਕਿ ਬਾਬਾ ਅਜੀਤ ਸਿੰਘ ਨੇ ਆਪਣੇ ਹੱਥੀਂ ਸ਼ਹੀਦ ਸਿੰਘਾਂ ਦੇ ਸਸਕਾਰ ਇਸ ਜਗ੍ਹਾ ‘ਤੇ ਕੀਤੇ।

ਸ਼ਹੀਦ ਸਿੰਘਾਂ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਵੱਲੋਂ ਅਮਰ ਯਾਦਗਾਰ ਸਥਾਪਤ ਕਰਨ ਲਈ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ । ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਤੋਂ ਇਲਾਵਾ ਸ਼ਹੀਦ ਸਿੰਘਾਂ ਦਾ ਸ਼ਹੀਦੀ ਜੋੜ-ਮੇਲਾ ਸ਼ਰਧਾ ਸਤਕਾਰ ਸਹਿਤ ਮਨਾਇਆ ਜਾਂਦਾ ਹੈ । ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਤੇ ਰਿਹਾਇਸ਼ ਦਾ ਸੁਹਣਾ ਪ੍ਰਬੰਧ ਹੈ । ਰਿਹਾਇਸ਼ ਵਾਸਤੇ ਸਾਫ-ਸੁਥਰੇ 20 ਕਮਰੇ ਹਨ । ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ।

‘ਗੁਰਦੁਆਰਾ ਸ਼ਹੀਦਾਂ’ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਾਹਿਲਪੁਰ ਵਿਚ ਹੁਸ਼ਿਆਰਪੁਰ-ਗੜ੍ਹਸ਼ੰਕਰ-ਚੰਡੀਗੜ੍ਹ ਰੋਡ ‘ਤੇ ਹੁਸ਼ਿਆਰਪੁਰ ਤੋਂ 12 ਕਿਲੋਮੀਟਰ ਤੇ ਗੜ੍ਹਸ਼ੰਕਰ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਮਾਹਿਲਪੁਰ-ਕੁਹਾੜਪੁਰ ਲਿੰਕ ਰੋਡ ‘ਤੇ ਸ਼ੋਭਨੀਕ ਹੈ ।

ਵਧੇਰੇ ਜਾਣਕਾਰੀ 01884-45443 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।

 

Gurdwara Text Courtesy :- Dr. Roop Singh, Secretary S.G.P.C.