ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਹਾਲ ਵਿਖੇ ਮੈਨੇਜਰਾਂ ਨੂੰ ਜਾਰੀ ਕੀਤੀਆਂ ਹਦਾਇਤਾਂ

ਅੰਮ੍ਰਿਤਸਰ ੫ ਫਰਵਰੀ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਹਾਲ ਵਿਖੇ ਸ. ਹਰਚਰਨ ਸਿੰਘ ਮੁੱਖ ਸਕੱਤਰ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਫਿਰੋਜ਼ਪੁਰ, ਫਰੀਦਕੋਟ ਤੇ ਮੋਗਾ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਮੈਨੇਜਰਾਂ ਨਾਲ ਇਕੱਤਰਤਾ ਕੀਤੀ ਗਈ।
ਇਕੱਤਰਤਾ ‘ਚ ਮੈਨੇਜਰਾਂ ਨੂੰ ਹਦਾਇਤਾਂ ਜਾਰੀ ਕਰਦਿਆ ਸ. ਹਰਚਰਨ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵੱਲੋਂ ਦਿੱਤੇ ਜਾਂਦੇ ਸੁਝਾਅ ਅਤੇ ਸ਼ਿਕਾਇਤਾਂ ਬਾਰੇ ਰਜਿਸਟਰ ਲਾਜ਼ਮੀ ਤੌਰ ‘ਤੇ ਲਗਾਇਆ ਜਾਵੇ ਅਤੇ ਉਸਾਰੂ ਸੁਝਾਵਾਂ ਤੇ ਅਮਲ ਕਰਨ ਦਾ ਯਤਨ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਸੁਝਾਅ ਬਾਕਸ ਲਗਾਇਆ ਜਾਵੇ ਜਿਸ ਨੂੰ ਮੈਨੇਜਰ ਖੁਦ ਆਪਣੀ ਨਿਗਰਾਨੀ ਹੇਠ ਖੁੱਲਵਾ ਕੇ ਦੇਖੇ ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਤਸੱਲੀਬਖ਼ਸ਼ ਨਿਪਟਾਰਾ ਤੁਰੰਤ ਕਰੇ।ਉਨ੍ਹਾਂ ਅੱਗੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਕਿਸੇ ਢੁੱਕਵੀਂ ਜਗ੍ਹਾਂ ਤੇ ਸੰਗਤਾਂ ਦੀ ਸਹੂਲਤ ਲਈ ਪੁੱਛਗਿੱਛ ਕੇਂਦਰ ਵੀ ਸਥਾਪਿਤ ਕੀਤੇ ਜਾਣ ਤਾਂ ਕਿ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਹੋਰ ਲੋੜੀਂਦੀ ਜਾਣਕਾਰੀ ਲੈ ਸਕਣ।
ਸਿੱਖ ਇਤਿਹਾਸ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਇਤਿਹਾਸ ਨੂੰ ਦਰਸਾਉਂਦਾ ਬਹੁ-ਭਾਸ਼ਾਈ ਸੁੰਦਰ ਬੋਰਡ ਲਗਾਏ ਜਾਣ ਜੋ ਰਾਤ ਸਮੇਂ ਵੀ ਪੜਨਯੋਗ ਹੋਣ।ਉਨ੍ਹਾਂ ਕਿਹਾ ਕਿ ਸਮੂਹ ਸਟਾਫ ਨੂੰ ਵੀ ਇਤਿਹਾਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰੇ ਦੀ ਹਦੂਦ ਵਿੱਚ ਮੌਜੂਦ ਬਾਗ ਅਤੇ ਬਗੀਚਿਆ ਦੀ ਸਾਂਭ-ਸੰਭਾਲ ਵੱਲ ਵੀ ਖਾਸ ਧਿਆਨ ਦਿੱਤਾ ਜਾਵੇ ਅਤੇ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਛਾਂ-ਦਾਰ ਦਰੱਖਤ ਲਗਾਏ ਜਾਣ।ਉਨ੍ਹਾਂ ਸਮੂਹ ਮੈਨੇਜਰਾਂ ਨੂੰ ਇਹ ਵੀ ਕਿਹਾ ਕਿ ਜੇਕਰ ਸਟਾਫ ਦੀ ਲੋੜ ਹੈ ਜਾਂ ਵੱਧ ਹੈ ਤਾਂ ਇਸ ਦੀ ਸੂਚਨਾ ਤੁਰੰਤ ਹੈੱਡ ਆਫਿਸ ਨੂੰ ਦਿੱਤੀ ਜਾਵੇ।