ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਨਾਢਾ ਸਾਹਿਬ

ਜਿਸ ਨੂੰ ਅੱਜ ਲੋਕੀਂ ‘ਨਾਢਾ ਸਾਹਿਬ’ ਕਹਿਕੇ ਪੁਕਾਰਦੇ ਹਨ ਨੂੰ ਵੀ ਕਲਗੀਧਰ ਪਿਤਾ ਦੇ ਪਾਵਨ ਚਰਨਾਂ ਦੀ ਛੋਹ ਮਿਲੀ। ਇਹ ਬਖਸ਼ਸ਼ ਦੁਆਰਾ ਇਸ ਅਸਥਾਨ ਉਪਰ ਵੀ ਸਾਂਈ ਦੀ ਫਜਲੌ ਰਹਿਮਤ ਦੇ ਦੁਆਰੇ ਖੁੱਲ ਗਏ ਹਨ। ਇਥੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਯਾਤਰਾ ਵਾਸਤੇ ਆਉਂਦੇ ਹਨ ਅਤੇ ਇਸ ਅਸਥਾਨ ਦੀ ਧੂੜ ਮਸਤਕ ਉਤੇ ਲਾਂਦੇ ਸਦਕੜੇ ਜਾਂਦੇ ਹਨ। ਇਸ ਪਵਿੱਤਰ ਅਸਥਾਨ ਦਾ ਕੁਝ ਪਿਛੋਕੜ ਹੈ, ਇਸ ਦੇ ਇਤਿਹਾਸਕ ਪੱਖ ਨੂੰ ਦਰਸ਼ਕਾਂ ਅਤੇ ਗੁਰੂ ਚਰਨਾਂ ਦੇ ਭਉਰਿਆਂ ਸਾਹਮਣੇ ਰੱਖਣ ਯੋਗ ਜਾਣ ਕੇ ਇਸ ਕਿਤਾਬਚੇ ਰਾਹੀਂ ਉਚੇਚਾ ਯਤਨ ਕੀਤਾ ਹੈ। ਤਾਂ ਜੋ ਪਾਠਕਾਂ ਅਤੇ ਅੱਜ ਦੇ ਸਿੱਖ ਸੇਵਕਾਂ, ਗੁਰੂ ਦਰਸਨਾਂ ਦੇ ਮੁਤਾਵਾਲਿਆ ਨੂੰ ਇਸ ਗੁਰਧਾਮ ਦੀ ਮਹਾਨਤਾ ਦੀ ਪੂਰੀ ਪੱਕੀ ਜਾਣਕਾਰੀ ਹੋ ਸਕੇ।

ਕੋਈ ਸਮਾਂ ਸੀ ਇਹ ਅਸਥਾਨ ਇਕਲਵਾਝੇ ਅਣਜਾਣ ਹਾਲਾਤ ਵਿਚ ਸਿੱਖ ਸੰਗਤਾਂ ਦੀਆਂ ਨਜ਼ਰਾਂ ਤੋਂ ਓਲ੍ਹੇ ਸੀ। ਪ੍ਰਸਿੱਧ ਵਿਦਵਾਨ ‘ਮਹਾਨ ਕੋਸ਼’ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਵਾਲਿਆਂ ਨੇ ਮਹਾਨ ਕੋਸ਼ ਪੁਸਤਕ ੧੯੩੦ ਵਿਚ ਤਿਆਰ ਕੀਤੀ ਜਿਸ ਵਿਚ ਉਹਨਾਂ ਨੇ ਇਸ ‘ਨਾਢਾ ਸਾਹਿਬ’ ਗੁ: ਸਾਹਿਬ ਸਬੰਧੀ ਹੇਠ ਲਿਖੇ ਅੱਖਰ ਅੰਕਿਤ ਕੀਤੇ ਹਨ:-

‘ਨਾਢਾ ਪਟਿਆਲਾ ਰਾਜ ਵਿਚ ਤਹਿਸੀਲ ਰਾਜਪੁਰਾ ਥਾਣਾ ਪਿੰਜੌਰ ਦਾ ਇਕ ਪਿੰਡ ਦੋ ਰੇਲਵੇ ਸਟੇਸ਼ਨ ਚੰਡੀਗੜ੍ਹ ਤੋਂ ਚਾਰ ਮੀਲ ਦੱਖਣ ਪੂਰਬ ਵੱਲ ਹੈ, ਇਸ ਪਿੰਡ ਵਿਚ ਦਸਮੇਸ਼ ਜੀ ਦਾ ਗੁਰਦੁਆਰਾ ਹੈ। ਗੁਰੂ ਜੀ ਪਾਉਂਟੇ ਸਾਹਿਬ ਵਲੋਂ ਅਨੰਦਪੁਰ ਜਾਂਦੇ ਇਥੇ ਬਿਰਾਜੇ ਸਨ। ਗੁ: ਮੰਜੀ ਸਾਹਿਬ ਬਣਾਇਆ ਹੋਇਆ ਹੈ, ਸੇਵਾਦਾਰ ਕੋਈ ਨਹੀ।
(ਮਹਾਨ ਕੋਸ਼ ਪੰਨਾ ੫੧੭ ਪ੍ਰਕਾਸ਼ਕ ਭਾਸ਼ਾ ਵਿਭਾਗ ੧੯੩੦)

ਖੋਜ ਕਰਦਿਆਂ ਪ੍ਰਬੰਧਕਾਂ ਨੂੰ ਜਾਣਕਾਰੀ ਮਿਲੀ ਹੈ ਕਿ ਇਹ ਅਸਥਾਨ ਕੁਝ ਚਿਰ ਗੁਮਨਾਮ ਰਿਹਾ। ਜਿਸ ਦਾ ਕਾਰਨ ਇਹ ਸੀ ਕਿ ਇਹ ਪਹਾੜੀ ਅਰ ਜੰਗਲੀ ਪਰਗਨਾਂ ਸੀ ਜਿਸ ਵਿਚ ਕਿ ਆਮ ਆਵਾਜਾਈ ਨਾ ਹੋਣ ਕਾਰਣ ਇਥੇ ਕਿਸੇ ਸੇਵਾਦਾਰ ਦਾ ਟਿਕਾਊ ਮੁਸ਼ਕਲ ਸੀ ਪਰ ਫਿਰ ਭੀ ਭਾਈ ਮੋਠਾ ਸਿੰਘ ਜੀ ਇਥੋਂ ਦੇ ਪਹਿਲੇ ਸੇਵਾਦਾਰ ਸਨ ਜਿਨ੍ਹਾਂ ਦੀ ਮਿਹਨਤ ਅਤੇ ਘਾਲਣਾ ਸ਼ਲਾਘਾ ਯੋਗ ਹੈ। ਉਨਾਂ ਤੋਂ ਮਗਰੋਂ ਉਹਨਾਂ ਦਾ ਪਰਿਵਾਰ ਧੂਪ ਦੀਪ ਕਰਦੇ ਰਹੇ ਪਰ ਇਸ ਗੁਰਧਾਮ ਦੀ ਪਹਿਲਾਂ ਸ਼੍ਰੋ ਗੁ: ਪ੍ਰ; ਕਮੇਟੀ ਦੇ ਅਧੀਨ ਇਕ ਪ੍ਰਬੰਧਕ ਕਮੇਟੀ ਸੀ। ਪਰ ਹੁਣ ਇਸ ਦਾ ਪ੍ਰਬੰਧ ਸਿੱਧਾ ਸ਼੍ਰੋ ਗੁ: ਪ੍ਰ; ਕਮੇਟੀ ਦੇ ਅਧੀਨ ਹੈ। ਇਸ ਦੀ ਪ੍ਰਸਿੱਧਤਾ ਅੱਜ ਇਲਾਕੇ ਵਿਚ ਹੀ ਨਹੀ ਸਗੋਂ ਪੰਜਾਬ ਅਤੇ ਭਾਰਤ ਵਰਸ਼ ਤੋਂ ਬਾਹਰਲੇ ਦੇਸ਼ਾਂ ਵਿਚ ਵੀ ਹੈ ਤੇ ਦੂਰੋਂ ਸ਼ਰਧਾਲੂ ਲੋਕ ਇਸ ਗੁਰਦੁਆਰਾ ਸਾਹਿਬ ਦੀ ਯਾਤਰਾ ਵਾਸਤੇ ਆਉਂਦੇ ਹਨ ਅਤੇ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਹਨ। ਇਸ ਦੀ ਮਹਾਨਤਾ, ਪ੍ਰਸਿੱਧਤਾ ਵਡਿਆਈ ਅਤੇ ਚਮਤਕਾਰ ਦਾ ਭੇਦ ਇਸ ਗਲ ਵਿਚ ਹੈ ਕਿ ਇਸ ਅਸਥਾਨ ਨੂੰ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਗ ਲਾਏ ਹਨ।

ਇਤਿਹਾਸਕ ਝਲਕਾਰ

ਗੁਰਦੁਆਰਾ ਨਾਢਾ ਸਾਹਿਬ ਦਾ ਇਤਿਹਾਸ ਮਹਾਨ ਹੈ। ਅਨੰਦਪੁਰ ਦੀ ਅਬਾਦਕਾਰੀ ਨੂੰ ਵੇਖ ਵੇਖ ਕੇ ਪਹਾੜੀ ਰਾਜੇ ਸਦਾ ਹੀ ਝੂਰ ਝੂਰ ਮਰਦੇ ਰਹੇ। ਖਾਲਸੇ ਦੀ ਬਣਤਰ, ਸ਼ਸਤਰ, ਬਸਤਰ, ਰੋਹਬ, ਵਕਾਰ, ਦਬਦਬਾ ਤੇ ਪ੍ਰਭਾਵ ਤਕ ਤਕ ਕੇ ਭੀਮ ਚੰਦ ਰਾਜੇ ਨੂੰ ਸੂਲਾਂ ਉਠਦੀਆਂ ਰਹੀਆਂ। ਦਰ ਅਸਲ ਹਿਹ ਰਾਜੇ ਮੁਗਲ ਸਾਮਰਾਜ ਦੇ ਹੱਥ ਠੋਕੇ ਸਨ। ਇੰਨਾਂ ਖੁਸ਼ਾਮਦੀ ਰਾਜਿਆਂ ਨੇ ਖਾਲਸੇ ਦੀ ਪੁੰਗਰਦੀ ਤਾਕਤ ਦਾ ਸਰਬਨਾਸ਼ ਕਰਨ ਲਈ ਗੁਰੂ ਸਾਹਿਬ ਦਾ ਡਟ ਕੇ ਵਿਰੋਧ ਕੀਤਾ।

ਪਹਾੜੀ ਰਾਜੇ ਗੁਰੂ ਜੀ ਦੀ ਸ਼ਕਤੀ ਨੂੰ ਪਹਾੜੀਆਂ ਵਾਸਤੇ ਭਾਰੀ ਖਤਰਾ ਸਮਝਦੇ ਸਨ, ਜਿਉਂ ਜਿਉਂ ਗੁਰੂ ਜੀ ਦਾ ਇਕਬਾਲ ਵਧਦਾ ਵੇਖਿਆ ਇਹ ਅੰਦਰੋਂ ਅੰਦਰ ਗੋਂਦਾ ਗੁੰਦਦੇ ਰਹੇ ਅਤੇ ਨਵੇਂ ਤੋਂ ਨਵਾਂ ਭਾਬੜ ਬਾਲਦੇ ਰਹੇ। ਇਨ੍ਹਾਂ ਪਹਾੜੀ ਚੂਹਿਆਂ ਵਾਂਗ ਸਿੱਖ ਸ਼ਕਤੀ ਨੂੰ ਕੁਤਰਨ ਦੀਆਂ ਨਾ ਪਾਕ ਹਰਕਤਾਂ ਕੀਤੀਆਂ ਭੀਮ ਚੰਦ ਬਹਾਨੇ ਭਾਲਦਾ ਰਿਹਾ। ਇਸ ਨੇ ਮੁੰਡੇ ਦੇ ਵਿਆਹ ਸਮੇਂ ਗੁਰੂ ਜੀ ਪਾਸੋਂ ਪੰਜ ਕਲਾ ਸ਼ਸਤਰ, ਪਰਸਾਦੀ ਹਾਥੀ ਅਤੇ ਪੰਜ ਲਖੀ ਸ਼ਾਹੀ ਸ਼ਮਿਆਨਾ ਮੰਗ ਭੇਜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਦੀ ਲੂਮੜ ਚਾਲ ਨੂੰ ਜਾਣ ਗਏ ਕਿ ਇਨ੍ਹਾਂ ਵਸਤਾਂ ਨੂੰ ਪੁਤਰ ਦਾਜ ਦੇ ਜਲੌ ਵਿਚ ਵਰਤਣ ਮਗਰੋਂ ਇਹ ਅਮਾਨਤ ਇਸ ਨੇ ਵਾਪਸ ਨਹੀ ਕਰਨੀ। ਇਹ ਖਬਰ ਮਿਲਣ ਉਤੇ ਮਹਾਰਾਜ ਨੇ ਇਸ ਨੂੰ ਗੁਰੂ ਦਰਬਾਰ ਵਿਚੋਂ ਕੋਈ ਵਸਤੂ ਦੇਣੀ ਉਚਿਤ ਨਾ ਸਮਝੀ, ਭੀਮ ਚੰਦ ਰਾਜਾ ਸੜ ਬਲ ਗਿਆ ਜਿਸ ਕਰਕੇ ਇਸ ਨੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਵਿਰੁਧ ਤਿਆਰ ਕਰ ਲਿਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਹਨ ਰਾਜ ਦੇਸ਼ ਦੇ ਉਪਰ ਪਾਉਂਟਾ ਸਾਹਿਬ ਵਾਲੇ ਅਸਥਾਨ ਉਤੇ ਭਾਗ ਲਾ ਰਹੇ ਸਨ ਅਤੇ ਸ਼ਾਂਤੀ ਦੇ ਚਾਹਵਾਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨੀਤੀ ਰਾਜੇ ਭੀਮ ਚੰਦ ਦੇ ਕਾਲਜੇ ਵਿਚ ਸੂਲਾਂ ਵਾਂਗ ਰੜਕਦੀ ਸੀ ਇਸ ਨੀਚ ਰਾਜੇ ਨੇ ਕਰੋੜਾਂ ਰੁਪੈ ਪਲਿਓਂ ਖਰਚ ਕਰਕੇ ਮੁਗਲ ਬਾਦਸ਼ਾਹ ਪਾਸੋਂ ਫੌਜੀ ਸਹਾਇਤਾ ਪ੍ਰਾਪਤ ਕਰਕੇ ਹਿੰਦੂ ਧਰਮ ਰਖਕ ਦਸਮੇਸ਼ ਨਾਲ ਟੱਕਰ ਲੈਣ ਦਾ ਨਾਪਾਕ ਮਨਸੂਬਾ ਤਿਆਰ ਕੀਤਾ। ਇਸ ਨਕਲੀ ਚਾਲ ਨੂੰ ਗੁਰੂ ਜੀ ਸਮਝ ਗਏ, ਪਾਉਂਟਾ ਸਾਹਿਬ ਵਿਚ ਬੜੇ ਸ਼ਾਤੀ ਦੇ ਢੰਗ ਨਾਲ ਰਹਿ ਰਹੇ ਸਤਿਗੁਰੂ ਨੂੰ ਇਨ੍ਹਾਂ ਬੰਦਿਆ ਨੇ ਘੇਰੇ ਵਿਚ ਲੈ ਕੇ ਖਤਮ ਕਰਨ ਦੀ ਯੋਜਨਾ ਬਣਾਈ। ਸ੍ਰੀ ਨਗਰ, ਕਾਂਗੜਾ, ਕਹਿਲੂਰ, ਚੰਬਾ, ਕੁਲੂ, ਜੰਮੂ ਆਦਿ ਰਿਆਸਤਾਂ ਦੇ ਰਾਜਿਆਂ ਰਾਜਪੂਤਾਂ ਪਲਟਨਾਂ ਤੋਂ ਬਿਨਾਂ ਬੜੇ ਬੜੇ ਮੁਸਲਮ ਜਰਨੈਲ ਵੀ ਨਾਲ ਲਿਆਏ। ਗੁਰੂ ਮਹਾਰਾਜ ਨਾਲ ਵੀ ਕਿਰਪਾਲ ਦਾਸ ਉਦਾਸੀ ਸਾਧੂ ਮਲੰਗ ਜੈਸੇ ਬਲਵਾਨ, ਸਯਦ ਬੁਧੂ ਸ਼ਾਹ ਵਰਗੇ ਅਤੇ ਉਸਦੇ ਚਾਰ ਪੁੱਤਰ ਅਤੇ ਸੱਤ ਸੌ ਮੁਰੀਦ। ਮਾਤਾ ਅਤੇ ਬੀਰੋ ਜੀ ਦੇ ਪੰਜ ਮਹਾਨ ਸ਼ੇਰ ਪੁੱਤਰਾਂ ਦੀ ਚਮਕਵੀਂ ਚੰਡੀ ਪਹਾੜੀਆਂ ਦੀ ਕੁਟਲ ਨੀਤੀ ਨੂੰ ਸੋਧਣ ਵਾਸਤੇ ਉੜੀਕਦੀ ਸੀ।

ਭਾਵੇਂ ਇਸ ਯੁਧ ਵਿਚ ਕੁਝ ਉਦਾਸੀ ਸਾਧੂ ਨਸ ਗਏ ਸਨ ਪਰ ਉਨ੍ਹਾਂ ਦੀ ਨਠ ਭਜ ਦੇ ਖਪੇ ਨੂੰ ਸਯੱਦ ਬੁਧੂ ਸ਼ਾਹ ਦੇ ਬਹਾਦਰਾਂ ਨੇ ਪੂਰਾ ਕਰ ਦਿਤਾ ਸੀ। ਕਿਰਪਾਲ ਦਾਸ ਦੇ ਹਦ ਮੁਕਾ ਦਿਤੀ। ਪਹਾੜੀ ਰਾਜਪੂਤਾਂ ਦੇ ਟਾਕਰੇ ਉਪਰ ਇਕ ਸਾਧੂ ਦਾ ਡਟਣਾ ਅਤੇ ਪਹਾੜੀਆਂ ਦਾ ਮੂੰਹ ਭੰਨਣਾ ਮਾਮੂਲੀ ਗੱਲ ਨਹੀ ਸੀ। ਦਸਮੇਸ਼ ਦਾ ਥਾਪੜਾ ਲੈ ਕੇ ਕਿਰਪਾਲ ਦਾਸ ਬੱਬਰ ਸ਼ੇਰ ਵਾਂਗ ਸ਼ਤਰੂ ਤੇ ਟੁਟ ਪਿਆ। ਸਰਦਾਈ ਰਗੜਨ ਵਾਲੇ ਭਾਰੀ ਕੁਤਕੋਂ ਨਾਲ ਹੀ ਮੈਦਾਨ ਵਿਚ ਜਾ ਗਰਜਿਆ, ਜਿਸ ਦਾ ਵਰਨਣ ਇਸ ਪ੍ਰਕਾਰ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤਾ ਹੈ –

ਕਿਰਪਾਲ ਕੌਪੀਅੰ ਕੁਤਕੋ ਸੰਭਾਰੀਂ॥ ਹਠੀ ਖਾਨ ਹਯਾਤ ਦੇ ਸੀਸ ਝਾਰੀ॥
ਉੱਠੀ ਛਿੱਛ ਇੱਛੰ ਕਢਾ ਮੇਝ ਜੋਰੰ॥ ਮਨੋ ਮਾਖਨੰ ਮੱਟਕੀ ਕਾਨ੍ਹ ਫੋਰੰ॥

ਸਯੱਦ ਬੁਧੂ ਸ਼ਾਹ ਨੇ ਪਠਾਣਾਂ, ਸਿੱਖ ਸੂਰਮਿਆਂ ਅਤੇ ਦਸਮ ਪਾਤਸ਼ਾਹ ਜੀ ਦੀ ਫੁੱਫੀ ਦੇ ਪੁੱਤਰਾਂ ਨੇ ਪਹਾੜੀਆਂ ਦੇ ਮੂੰਹ ਮੋੜ ਦਿਤੇ। ਅਜਿਹੇ ਦੰਦ ਖੱਟੇ ਕੀਤੇ ਕਿ ਲੈਣੇ ਦੇ ਦੇਣੇ ਪੈ ਗਏ। ਜਿਨ੍ਹਾਂ ਸਿੱਖਾਂ ਨੂੰ ਉਹ ਮਖਾਣੇ ਵਾਂਗ ਸਮਝਦੇ ਸਨ ਰਾਜਪੂਤਾਂ, ਪਹਾੜੀਆਂ, ਮੁਗਲਾਂ ਚੁਗਲਾਂ ਵਾਸਤੇ ਉਹ ਲੋਹੇ ਦੇ ਚਣੇ ਬਣ ਗਏ। ਪਹਾੜੀਆਂ ਨੂੰ ਜਾਨ ਬਚਾਉਣੀ ਔਖੀ ਹੋ ਗਈ। ਦਸਵੇਂ ਪਾਤਸ਼ਾਹ ਦੀ ਸ਼ਕਤੀ ਨੇ ਪਹਾੜੀਆਂ ਦਾ ਸਾਰਾ ਬਲ ਕਿਰਕਿਰਾ ਕਰ ਦਿਤਾ। ਪਹਾੜੀਏ ਝੱਗ ਵਾਂਗਰਾਂ ਬਹਿ ਗਏ। ਇਹ ਲੋਕੀ ਚਿਰ ਦੇ ਹੀ ਗੁਰੂ ਜੀ ਮਗਰ ਪਏ ਹੋਏ ਸਨ ਮੱਛੀ ਆਖਰ ਪੱਥਰ ਚੱਟ ਕੇ ਹੀ ਮੁੜਦੀ ਹੈ।

ਗੁਰਬਾਣੀ ਦਾ ਫੁਰਮਾਨ ਹੈ ਮੂਰਖ ਗੰਢ ਪਵੈ ਮੁਹਿ ਮਾਰ॥ (ਪੰਨਾ ੧੪੩)

ਹਾਂ, ਜਿਸ ਕਿਸੇ ਨੇ ਵੀ ਅਤਿ ਚੁੱਕੀ ਹੈ ਉਸ ਦਾ ਸੁਆਦ ਚੱਖਣਾ ਹੀ ਪਿਆ ਹੈ ਗੰਦਿਆਂ ਦੇ ਗੰਦ ਨੂੰ ਕੱਢਣ ਵਾਸਤੇ ਸ੍ਰੀ ਰਾਮ ਅਤੇ ਸ੍ਰੀ ਕਿਸ਼ਨ ਜੀ ਨੇ ਭੀ ਬਲ ਵਰਤਿਆ ਸੀ। ਗੁਰੂ ਮਹਾਰਾਜ ਦਾ ਆਦਰਸ਼ ਭੀ ਇਹੋ ਹੈ ਕਿ ਜਦੋਂ ਕੋਈ ਕੁੱਤਾ ਹਲਕ ਜਾਏ ਜਾਂ ਸਮਾਜ ਦੇ ਅੰਦਰ ਮਾਣਸ ਖਾਣੇ ਜੰਮ ਪੈਣ ਤਾਂ ਉਹਨਾਂ ਦੀ ਖੂੰਬ ਠੱਪਣ ਵਿਚ ਕੋਈ ਬੁਰਾਈ ਨਹੀ ਕਲਗੀਧਰ ਦਾ ਹੁਕਮ ਹੈ:-

“ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸਤ॥”
ਹਲਾਲ ਅਸਤ ਬੁਰਦਨ ਬ ਸ਼ਮਸੀਰ ਦਸਤ॥”

ਜਦੋਂ ਕਿਸੇ ਦਾ ਧੱਕਾ ਅਤੇ ਜਬਰ ਹੱਦਾਂ ਟੱਪ ਜਾਏ ਤਾਂ ਤਲਵਾਰ ਦੇ ਕਬਜੇ ਉਪਰ ਹੱਥ ਲੈ ਜਾਣਾ ਕੋਈ ਬੁਰੀ ਗੱਲ ਨਹੀ। ਭੰਗਾਣੀ ਦੇ ਯੁੱਧ ਵਿੱਚ ਪਹਾੜੀਏ ਭੀਮ ਚੰਦ ਨੂੰ ਮੂੰਹ ਦੀ ਖਾਣੀ ਪਈ। ਦੁਮ ਦਬਾ ਕੇ ਇਹ ਰਾਜਪੂਤ ਹਰਣ ਹੋ ਗਏ। ਇਸ ਅਸਥਾਨ ਉਪਰ ਗੁਰੂ ਮਹਾਰਾਜ ਨੇ ਵਿਸ਼ੇਸ਼ ਦਰਬਾਰ ਕੀਤਾ ਅਤੇ ਕੁਝ ਚਿਰ ਫਤਹ ਦੇ ਡੰਕੇ ਵਜਾਂਦੇ ਨਾਹਨ ਦੇ ਰਾਜੇ ਦੀ ਬੇਨਤੀ ਉੱਪਰ ਪਾਉਂਟਾ ਸਾਹਿਬ ਠਹਿਰ ਕੇ ਪਹਾੜੀਆਂ ਦੀ ਵਜਾਏ ਕਰਤੂਤ ਬੜੇ ਗਹੁ ਨਾਲ ਵੇਖਦੇ ਰਹੇ ਕਿ ਇਹ ਮੁੜ ਕੇ ਫੇਰ ਨਾ ਸਿਰ ਚੁੱਕ ਸਕਣ। ਇਨ੍ਹਾਂ ਨੂੰ ਠੰਡਾ ਕਰਨ ਮਗਰੋਂ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਰੁਖ ਕੀਤਾ। ਪਾਉਂਟੇ ਤੋਂ ਆ ਕੇ ਨਾਹਨ ਦੇ ਰਾਜੇ ਪਾਸ ਕੁਝ ਚਿਰ ਡੇਰਾ ਲਾਇਆ। ਇਸ ਰਾਜੇ ਨੇ ਸ਼ਰਧਾ ਭਰਪੂਰ ਹੋ ਕੇ ਸਤਿਗੁਰਾਂ ਦੀ ਰਜਵੀਂ ਸੇਵਾ ਕੀਤੀ। ਗੁਰੂ ਜੀ ਨੇ ਸੁੰਦਰ ਕੀਮਤੀ ਕਿਰਪਾਨ ਬਖਸ਼ਸ਼ ਵਜੋਂ ਦਿੱਤੀ ਜੋ ਅਜੇ ਤੀਕ ਮੌਜੂਦ ਹੈ। ਨਾਹਨ ਤੋਂ ਆ ਕੇ ਜਿਥੇ ਮੁਕਾਮ ਕੀਤਾ ਉਹ ਟੋਕਾ ਪਿੰਡ ਹੈ। ਇਥੇ ਘੋੜੀਆਂ ਨੂੰ ਟੋਕਾ-ਕੁਤਰਾ ਚਾਰਾ ਪਾਣ ਕਾਰਨ ਇਹ ਅਸਥਾਨ ਟੋਕਾ ਸਾਹਿਬ ਕਰਕੇ ਪ੍ਰਸਿੱਧ ਹੋਇਆ ਹੈ। ਟੋਕਾ ਸਾਹਿਬ ਤੋਂ ‘ਰਾਏਪੁਰ’ ਪਹੁੰਚੇ ਰਾਣੀ ਦਾ ਰਾਏਪੁਰ ਪ੍ਰਸਿੱਧ ਹੈ। ਰਾਏਪੁਰ ਦੀ ਰਾਣੀ ਨੇ ਰਾਜੇ ਨੂੰ ਗੁਰੂ ਜੀ ਦਾ ਸ਼ਰਧਾਲੂ ਅਤੇ ਵਿਸ਼ਵਾਸ਼ ਪਾਤਰ ਬਣਾਇਆ। ਮਹਾਰਾਜ ਨੇ ਰਾਣੀ ਦੇ ਸਿਦਕ ਨੂੰ ਵੇਖ ਕੇ ਰਾਜ ਭਾਗ ਦੇ ਵਾਧੇ ਲਈ ਆਸ਼ੀਰਵਾਦ ਦਿੱਤੀ। ਰਾਣੀ ਰਾਏਪੁਰ ਤੋਂ ਮਾਣਕ ਟਪਰੇ ਪੁਜੇ ਅਤੇ ਏਥੋਂ ਚਲ ਕੇ ਦਸਮ ਪਾਤਸ਼ਾਹ ਨੇ ਨਾਢਾ ਪਿੰਡ ਪਾਸ ਇਕ ਉਚੇ ਟਿਬੇ ਉਤੇ ਡੇਰਾ ਲਗਾਇਆ। ਇਸ ਅਸਥਾਨ ਉਪਰ ਸਤਿਗੁਰ ਨਾਲ ਕਈ ਸਿਖ ਸੇਵਕ, ਸ਼ਸਤਰ ਧਾਰੀ ਜੋਧੇ, ਘੋੜ ਸਵਾਰ, ਜੰਗੀ ਸੂਰਮੇ ਮੌਜੂਦ ਸਨ। ਉਨ੍ਹਾਂ ਦਿਨਾਂ ਵਿਚ ਇਹ ਪਰਗਨਾਂ ਨਿਪਟ ਜੰਗਲੀ ਇਲਾਕਾ ਸੀ। ਜਿਥੇ ਕਿ ਭਾਈ ਮੱਖਣ ਸ਼ਾਹ ਲੁਬਾਣੇ ਦੇ ਖਾਨਦਾਨ ਚੋਂ ਕੁਝ ਲੋਕੀਂ ਆਬਾਦ ਸਨ।

ਨਾਡੂ ਸ਼ਾਹ ਨਾਂ ਦੇ ਧਰਮੀ ਬੰਦੇ ਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ‘ਜੀ ਆਇਆਂ’ ਕਿਹਾ। ਗੁਰੂ ਮਹਾਰਾਜ ਅਤੇ ਗੁਰੂ ਜੀ ਦੇ ਸਿੱਖ ਸੇਵਕਾਂ ਦੀ ਨਾਡੂ ਸ਼ਾਹ ਨੇ ਬੜੀ ਸੇਵਾ ਕੀਤੀ। ਜਿਨ੍ਹਾਂ ਚਿਰ ਏਥੇ ਗੁਰੂ ਸਾਹਿਬ ਠਹਿਰੇ ਨਾਡੂ ਸ਼ਾਹ ਹੀ ਗੁਰੂ ਜੀ ਦੀ ਅੰਨ ਧੰਨ ਨਾਲ ਸੇਵਾ ਕਰਦਾ ਰਿਹਾ। ਇਸ ਦੀ ਟਹਿਲ ਸੇਵਾ ਨੂੰ ਵੇਖ ਕੇ ਦਸਵੇਂ ਪਾਤਸ਼ਾਹ ਬਹੁਤ ਪ੍ਰਸੰਨ ਹੋਏ। ਮਹਾਰਾਜ ਦੇ ਇਥੋਂ ਤੁਰਨ ਸਮੇਂ ਨਾਡੂ ਸ਼ਾਹ ਨੂੰ ਵਰ ਬਖਸ਼ਿਆ ਸੀ ਤੇ ਕਿਹਾ ਸੀ, ਤੇਰੀ ਸੇਵਾ ਕਰਕੇ ਇਹ ਅਸਥਾਨ ਨਾਢਾ ਦੇ ਨਾਂ ਨਾਲ ਬਹੁਤ ਪ੍ਰਸਿੱਧ ਹੋਵੇਗਾ ਅਤੇ ਸਦਾ ਤੇਰਾ ਨਾਮ ਕਾਇਮ ਹੋਵੇਗਾ। ਇਹ ਕਿਸ ਨੂੰ ਪਤਾ ਸੀ ਕਿ ਨਾਡੂ ਸ਼ਾਹ ਨੂੰ ਇਤਨੇ ਭਾਗ ਲਗਣੇ ਨੇ। ਇਹ ਗਲ ਕਿਸੇ ਦੇ ਖਿਆਲ ਵਿਚ ਨਹੀ ਸੀ ਕਿ ਇਸ ਜੰਗਲੀ ਪਰਗਣੇ ਦਾ ਇੱਕ ਟਿੱਬਾ ਜੋ ਪਿੰਡ ਦੇ ਦੱਖਣ ਪੂਰਬ ਵੱਲ ਘਗਰ ਦੇ ਕੰਢੇਂ ਉਤੇ ਵਸਿਆ ਹੈ।ਗੁਰਦੁਆਰਾ ਨਾਢਾ ਸਾਹਿਬ ਦੇ ਨਾਮ ਨਾਲ ਜਗਤ ਪ੍ਰਸਿੱਧ ਹੋਵੇਗਾ ਤੇ ਲੋਕਾਂ ਵਾਸਤੇ ਇਸ ਅਸਥਾਨ ਦੀ ਧੂੜੀ ਦੁਖੀਆਂ ਦੇ ਦਰਦ ਦੀ ਦਵਾਈ ਬਣੇਗੀ।

ਨਾਢਾ ਸਾਹਿਬ ਤੋਂ ਗੁਰੂ ਜੀ ਢਕੋਲੀ ਪੁੱਜੇ ਫਿਰ ਰੋਪੜ ਤੋਂ ਕੀਰਤਪੁਰ ਹੁੰਦੇ ਹੋਏ ਅਨੰਦਪੁਰ ਸਾਹਿਬ ਜਾ ਬਿਰਾਜੇ।

ਅੱਜ ਘਗਰ ਦੇ ਉਪਰ ਪੁਲ ਬਣ ਜਾਣ ਨਾਲ ਇਸ ਅਸਥਾਨ ਪਰ ਆਣ ਜਾਣ ਵਿਚ ਬੜੀ ਆਸਾਨੀ ਹੋ ਗਈ ਹੈ। ਇਸ ਗੁਰਧਾਮ ਵਿਚ ਪੇਂਡੂ ਤੇ ਸ਼ਹਿਰੀ ਸ਼ਰਧਾਲੂ ਹਰ ਰੋਜ ਸੈਂਕੜੇ ਹਜਾਰਾਂ ਦੀ ਗਿਣਤੀ ਵਿਚ ਆਉਂਦੇ ਹਨ। ਦੋ ਤਿੰਨ ਫਰਲਾਂਗ ਦਾ ਸੜਕ ਦਾ ਕੱਚਾ ਟੋਟਾ ਪ੍ਰਬੰਧਕਾਂ ਦੇ ਧਿਆਨ ਦਿਵਾਉਣ ਨਾਲ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਜੀ ਬਾਦਲ ਦੀ ਪ੍ਰੇਰਨਾ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਉਚੇਚੇ ਜਤਨਾਂ ਨਾਲ ਪੱਕੀ ਲਿੰਕ ਰੋਡ ਸੜਕ ਬਣ ਕੇ ਮੇਨ ਰੋਡ ਨਾਲ ਮਿਲਾ ਦਿਤਾ ਗਿਆ ਹੈ। ਇਸ ਕਰਕੇ ਆਵਾਜਾਈ ਦਾ ਕਸ਼ਟ ਨਵਿਰਤ ਹੋ ਗਿਆ ਹੈ। ਇਸ ਕਰਕੇ ਅੰਬਾਲਾ, ਪਟਿਆਲਾ, ਚੰਡੀਗੜ੍ਹ, ਪੰਚਕੂਲਾ, ਪਿੰਜੋਰ, ਕਾਲਕਾਂ ਥਾਵਾਂ ਆਦਿ ਤੋਂ ਕਾਰਾਂ, ਸਕੂਟਰਾਂ, ਬੱਸਾਂ ਅਤੇ ਟਰੱਕਾਂ ਰਾਹੀਂ ਸੰਗਤਾਂ ਬਿਨਾਂ ਕਿਸੇ ਤਕਲੀਫ ਦੇ ਸਿੱਧੀਆਂ ਹੀ ਗੁਰਦੁਆਰਾ ਸਾਹਿਬ ਤੱਕ ਪੁੱਜ ਸਕਦੀਆਂ ਹਨ। ਇਸ ਕਾਰਜ ਲਈ ਹਰਿਆਣਾ ਤੇ ਪੰਜਾਬ ਦੇ ਦੋਨਾ ਦੇ ਹੀ ਮੁੱਖ ਮੰਤਰੀ ਸਾਹਿਬਾਨ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਦੇ ਸਦਕੇ ਸੰਗਤਾਂ ਦੀ ਇਹ ਮੰਗ ਪੂਰੀ ਹੋਈ ਹੈ।

ਇਸ ਗੁਰਧਾਮ ਉਪਰ ਹਰ ਰੋਜ ਹੀ ਸਾਧ ਸੰਗਤ ਦੀ ਰੌਣਕ ਸ਼ਰਧਾਲੂਆਂ ਦਾ ਠਾਠਾਂ ਮਾਰਦਾ ਸਮੁੰਦਰ ਦਿਖਦਾ ਹੈ। ਇਸ ਨਾਢਾ ਸਾਹਿਬ ਦੀ ਪਰਤੱਖ ਕਲਾ ਦਾ ਸਦਕਾ ਇਸ ਦੀ ਮਾਨਤਾ ਨੂੰ ਚਾਰ ਚੰਨ ਲਗ ਗਏ ਹਨ।

ਗੁਰੂ ਸੰਗਤਾਂ ਦੀ ਸ਼ਰਧਾ ਅਤੇ ਪ੍ਰਬੰਧਕ ਕਮੇਟੀ ਦੇ ਸੁਚੱਜੇ ਪ੍ਰਬੰਧ ਢੰਗ ਕਾਰਨ ਹੀ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਤੇ ਅਸਚਰਜ ਹੈ ਤੇ ਵੇਖਣ ਯੋਗ ਹੈ। ਇਸ ਦਾ ਦੀਵਾਨ ਹਾਲ, ਗੁਰੂ ਕਾ ਲੰਗਰ ਇਸ ਦਾ ਵਿਸਾਲ ਗਰਾਊਂਡ ਸਰਾਂ ਦੇ ਕਮਰੇ, ਚੌਗਿਰਦੇ ਫਸੀਲ ਫਰੰਟ ਦੀਆਂ ਪੌੜੀਆਂ ਟਿਊਬਵੈਲ,ਬਿਜਲੀ ਦੇ ਪ੍ਰਬੰਧ ਅਤੇ ਆਲੀਸ਼ਾਲ ਉਚੇ ਗੁੰਬਦ ਅਤੇ ਝੁਲਦੇ ਨਿਸ਼ਾਨ ਸਾਹਿਬ ਇਸ ਗੁਰੂ ਧਾਮ ਦੀ ਅਦਭੁਤ ਸ਼ਾਨ ਦੇ ਪ੍ਰਤੀਕ ਹਨ। ਸੰਗਤਾਂ ਦੇ ਪਿਆਰ ਅਤੇ ਸਿਦਕ ਦਾ ਸਦਕਾ ਹੀ ਇਹ ਪ੍ਰਬੰਧ ਸੁੰਦਰ ਹੈ।

ਜਿਸ ਕਾਰਨ ਹਰ ਸਮੇਂ ਲੰਗਰ ਆਦਿ ਦਾ ਪ੍ਰਬੰਧ ਮੌਜੂਦ ਹੈ। ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀ ਇਹ ਕੇਵਲ ਗੁਰੂ ਜੀ ਦੀ ਬਖਸ਼ਸ਼ ਅਤੇ ਗੁਰੂ ਦੀਆਂ ਸੰਗਤਾ ਦੇ ਸਿਦਕ ਪਿਆਰ ਸਦਕਾ ਹੀ ਹੈ।

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੈ। (ਪੰਨਾ ੪੫੦)

ਇਹ ਬਰਕਤਾਂ ਸਤਿਗੁਰੂ ਦੀ ਅਪਾਰ ਮਿਹਰ ਦੇ ਸਦਕੇ ਹੀ ਹਨ ਅਤੇ ਗੁਰੂ ਦੀਆਂ ਸ਼ਰਧਾਲੂ ਸੰਗਤਾਂ ਦੇ ਪਿਆਰ ਭਰੋਸੇ ਦੇ ਕਾਰਨ ਹੀ ਹਨ।

Gurdwara Text Courtesy :- Dr. Roop Singh, Secretary S.G.P.C.