ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਹਾਜੀ ਰਤਨ (ਬਠਿੰਡਾ)

ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ, ਜਗਤ-ਜਲੰਦੇ ਨੂੰ ਤਾਰਦੇ ਹੋਏ, ਗੁਰੂ ਕਾਸ਼ੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਇਸ ਅਸਥਾਨ ‘ਤੇ 1706 ਈ. ਨੂੰ ਪਧਾਰੇ ਅਤੇ ਮੁਸਲਮਾਨ ਫ਼ਕੀਰ ਹਾਜੀ ਰਤਨ (ਰਤਨ ਹਾਜੀ ਅਸਲ ਨਾਂ) ਦੇ ਮਕਬਰੇ ਪਾਸ ਪੜਾਅ ਕੀਤਾ । ਗੁਰੂ ਜੀ ਕੁਝ ਸਮਾਂ ਇਸ ਜਗ੍ਹਾ ‘ਤੇ ਠਹਿਰੇ ਤੇ ਭਾਈ ਚਾਂਦ ਸ਼ਾਹ ਨਾਲ ਗਿਆਨ-ਚਰਚਾ ਕੀਤੀ । ਗੁਰੂ ਜੀ ਦੀ ਆਮਦ ਦੀ ਯਾਦ ਵਿਚ ਆਲੀਸ਼ਾਨ ਗੁਰਦੁਆਰਾ ਸੁਭਾਇਮਾਨ ਹੈ, ਜਿਸ ਦੀ ਵਰਤਮਾਨ ਇਮਾਰਤ 1996 ਈ. ‘ਚ ਬਣੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਸੁੰਦਰ ਸਰੋਵਰ ਹੈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ ।

ਬਠਿੰਡਾ ਦੇ ਸ਼ਾਹੀ ਕਿਲ੍ਹੇ ਵਿਚ ਵੀ ਗੁਰੂ ਜੀ ਨੇ ਮੁਬਾਰਕ ਚਰਨ ਪਾਏ । ਉਨ੍ਹਾਂ ਦੀ ਯਾਦ ਵਿਚ ‘ਗੁਰਦੁਆਰਾ ਪਾਤਸ਼ਾਹੀ ਦਸਵੀਂ ਕਿਲ੍ਹਾ ਮੁਬਾਰਕ’ ਬਣਿਆ ਹੋਇਆ ਹੈ ।

ਇਹ ਇਤਿਹਾਸਕ ਅਸਥਾਨ ਰੇਲਵੇ ਸਟੇਸ਼ਨ ਬਠਿੰਡਾ ਤੋਂ ਤਿੰਨ ਕਿਲੋਮੀਟਰ ਅਤੇ ਬੱਸ ਸਟੈਂਡ ਬਠਿੰਡਾ ਤੋਂ ਬਠਿੰਡਾ-ਮਾਨਸਾ ਰੋਡ ‘ਤੇ ਕੇਵਲ ਇਕ ਕਿਲੋਮੀਟਰ ਦੀ ਦੂਰੀ ‘ਤੇ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਰਿਹਾਇਸ਼, ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ। ਰਹਾਇਸ਼ ਵਾਸਤੇ 10 ਕਮਰੇ, ਇਕ ਹਾਲ ਕਮਰਾ, ਇਕ ਰੈਸਟ ਹਾਊਸ ਹੈ । ਗੁਰਮਤਿ ਲਿਟਰੇਚਰ ਹਾਊਸ ਵੀ ਹੈ ।

ਇਸ ਅਸਥਾਨ ‘ਤੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਤੇ ਵਿਸਾਖੀ ਵਿਸ਼ੇਸ਼ ਤੌਰ ‘ਤੇ ਮਨਾਏ ਜਾਂਦੇ ਹਨ । ਵਧੇਰੇ ਜਾਣਕਾਰੀ ਲਈ 0164-220237 ਫੋਨ ਨੰਬਰ ਦੀ ਸਹੂਲਤ ਪ੍ਰਾਪਤ ਹੈ ।

 

 

Gurdwara Text Courtesy :- Dr. Roop Singh, Secretary S.G.P.C.