ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ (ਸ਼ਹੀਦ ਗੰਜ) ਚਮਕੌਰ ਸਾਹਿਬ (ਰੋਪੜ)

ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ (ਸ਼ਹੀਦ ਗੰਜ) ਚਮਕੌਰ ਸਾਹਿਬ ਦੀ ਇਤਿਹਾਸਕ ਧਰਤੀ ‘ਤੇ ਸੁਭਾਇਮਾਨ ਹੈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗਿਣਤੀ ਦੇ ਸਿਰਲੱਥ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ 7 ਪੋਹ ਸੰ: 1761 ਬਿ: (1704 ਈ:) ਨੂੰ ਇਸ ਧਰਤ ਸੁਹਾਵੀ ‘ਤੇ ਆਪਣੇ ਮੁਬਾਰਕ ਚਰਨ ਪਾਏ। ਇਸ ਧਰਤੀ ‘ਤੇ 8 ਪੋਹ, ਸੰਮਤ 1761 (1704 ਈ:) ਨੂੰ ਵਿਸ਼ਵ ਦਾ ਸਭ ਤੋਂ ਅਸਾਵਾਂ ਯੁੱਧ ਲੜਿਆ ਗਿਆ। ਇਕ ਪਾਸੇ ਗਿਣਤੀ ਦੇ ਭੁੱਖੇ ਭਾਣੇ ਸਿੰਘ, ਬਹੁਤ ਮਾਮੂਲੀ ਕੱਚੀ ਗੜ੍ਹੀ ਤੇ ਦੂਸਰੇ ਪਾਸੇ ਦੁਸ਼ਮਣ ਦਲਾਂ ਦੀ ਦਸ ਲੱਖ ਫੌਜ। ਇਸ ਪਵਿੱਤਰ ਅਸਥਾਨ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਹੱਥੀਂ ਆਪਣੇ ਦੋ ਸਪੁੱਤਰਾਂ, ਪਿਆਰੇ ਗੁਰਸਿੱਖਾਂ ਨੂੰ ਯੁੱਧ ਭੂਮੀ ਵੱਲ ਤੋਰਿਆ ‘ਤੇ ਅੱਖਾਂ ਸਾਹਵੇਂ, ਉਨ੍ਹਾਂ ਨੂੰ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ, ਸ਼ਹੀਦ ਹੁੰਦਿਆਂ ਤੱਕਿਆ। ਗੁਰਦੇਵ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਪਿਆਰੇ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਤੇ ਗੁਰੂ ਤੋਂ ਆਪਾ ਵਾਰਨੇ ਗੁਰਸਿੱਖਾਂ ਨੇ ਆਪਣੇ ਪਵਿੱਤਰ ਖੂਨ ਨਾਲ ਇਸ ਧਰਤੀ ਨੂੰ ਪਵਿੱਤਰਤਾ ਤੇ ਇਤਿਹਾਸਕਤਾ ਪ੍ਰਦਾਨ ਕੀਤੀ। ਜ਼ਫਰਨਾਮੇ ਵਿਚ ਗੁਰੂ ਜੀ ਨੇ ਇਥੇ ਸ਼ਹੀਦ ਹੋਏ ਸਿੰਘਾਂ ਦੀ ਗਿਣਤੀ 40 ਦਰਸਾਈ ਹੈ। ਇਨ੍ਹਾਂ ਸ਼ਹੀਦ ਸਿੰਘਾਂ ਨੂੰ ਮੁਕਤਿਆਂ ਦੀ ਪਦਵੀ ਪ੍ਰਾਪਤ ਹੈ।

ਗੁਰਦੇਵ ਪਿਤਾ, ਖੁਦ ਵੀ ਮੈਦਾਨੇ-ਏ-ਜੰਗ ਵਿਚ ਜਾਣਾ ਚਾਹੁੰਦੇ ਸਨ ਪਰ ਪੰਜ ਪਿਆਰਿਆਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਗੁਰੂ ਜੀ ਨੂੰ ਚਮਕੌਰ ਦਾ ਇਹ ਇਤਿਹਾਸਕ ਰਣਖੇਤਰ ਛੱਡਣਾ ਪਿਆ ।

ਸ਼ਹੀਦ ਸਿੰਘਾਂ ਦਾ ਅੰਤਮ ਸਸਕਾਰ ਇਥੇ ਹੀ ਕੀਤਾ ਗਿਆ। ਚਮਕੌਰ ਦੀ ਧਰਤੀ ਦੇ ਜ਼ਰੇ-ਜ਼ਰੇ ਵਿਚ ਸ਼ਹੀਦਾਂ ਦਾ ਪਵਿੱਤਰ ਖੂਨ ਸਮੋਇਆ ਹੋਇਆ ਹੈ। ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਇਲਾਵਾ ਗੁਰਦੁਆਰਾ ਗੜ੍ਹੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਤਾੜੀ ਸਾਹਿਬ, ਗੁਰਦੁਆਰਾ ਰਣਜੀਤ ਸਿੰਘ ਗੜ੍ਹ ਸਾਹਿਬ, ਆਦਿ……..ਇਤਿਹਾਸਕ ਅਸਥਾਨ ਯਾਦ ਵਜੋਂ ਸ਼ਸੋਭਿਤ ਹਨ।

ਚਮਕੌਰ ਸਾਹਿਬ ਤਹਿਸੀਲ/ਜ਼ਿਲ੍ਹਾ ਰੋਪੜ ਵਿਚ ਸਰਹਿੰਦ ਨਹਿਰ ਦੇ ਕਿਨਾਰੇ ਧਾਰਮਿਕ-ਇਤਿਹਾਸਕ ਮਹੱਤਤਾ ਵਾਲਾ ਪ੍ਰਮੁੱਖ ਨਗਰ ਹੈ, ਜੋ ਰੋਪੜ-ਮਰਿੰਡਾ ਰੇਲਵੇ ਸਟੇਸ਼ਨਾਂ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਸੜਕੀ ਮਾਰਗ ਰਾਹੀਂ ਇਹ ਅਸਥਾਨ ਰੋਪੜ, ਲੁਧਿਆਣਾ, ਮੁਰਿੰਡਾ, ਸਮਰਾਲਾ ਆਦਿ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।

ਗੁਰਦੁਆਰਾ ਕਤਲਗੜ੍ਹ ਸਾਹਿਬ ਦੀ ਮੌਜੂਦਾ ਇਮਾਰਤ 1955 ਈ: ਦੀ ਬਣੀ ਹੋਈ ਹੈ। ਇਸ ਪਵਿੱਤਰ ਅਸਥਾਨ ‘ਤੇ ਪਹਿਲੀ, ਪੰਜਵੀਂ, ਦਸਵੀਂ ਪਾਤਸ਼ਾਹੀ ਦੇ ਆਗਮਨ ਗੁਰਪੁਰਬ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੇ ਜਨਮ ਦਿਵਸ ਤੇ ਸਾਲਾਨਾ ਸ਼ਹੀਦੀ ਜੋੜ ਮੇਲਾ (6-7-8 ਪੋਹ) ਨੂੰ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਹਜ਼ਾਰਾਂ ਸ਼ਰਧਾਲੂ ਸ਼ਹੀਦਾਂ ਦੇ ਪਵਿੱਤਰ ਖੂਨ ਨਾਲ ਪਵਿੱਤਰ ਹੋਈ ਧਰਤੀ ਦੀ ਚਰਨ-ਧੂੜ ਪਰਸਣ ਲਈ ਆਉਂਦੇ ਹਨ।

ਗੁਰਮਤਿ ਗਿਆਨ ਦੇ ਪ੍ਰਸਾਰ ਲਈ ਲਾਇਬਰੇਰੀ ਵੀ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ, ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ। ਰਿਹਾਇਸ਼ ਵਾਸਤੇ 25 ਕਮਰੇ, ਗੈਸਟ ਹਾਊਸ ਤੇ ਤਿੰਨ ਹਾਲ ਕਮਰੇ ਬਣੇ ਹੋਏ ਹਨ। ਵਧੇਰੇ ਜਾਣਕਾਰੀ ਲਈ 01881-76125 ਫ਼ੋਨ ਨੰਬਰ ਦੀ ਸਹੂਲਤ ਹੈ।

 

Gurdwara Text Courtesy :- Dr. Roop Singh, Secretary S.G.P.C.