ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ

ਇਸ ਪਾਵਨ ਅਸਥਾਨ ਨੂੰ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਦੱਖਣ ਦੀ ਯਾਤਰਾ ਸਮੇਂ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਜਾਣ ਸਮੇਂ ਇਥੇ ਠਹਿਰੇ ਸਨ। ਰਿਆਸਤ ਜੀਂਦ ਦੇ ਰਾਜਾ ਸਰੂਪ ਸਿੰਘ ਨੇ ਗੁਰੂ ਸਾਹਿਬਾਨ ਦੀ ਯਾਦ ਵਿਚ ਗੁਰਦੁਆਰਾ ਬਣਾਇਆ। ਰਾਜਾ ਰਘੁਬੀਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਹੋਰ ਵਿਸ਼ਾਲ ਕੀਤਾ ਤੇ ਬਹੁਤ ਸਾਰੀ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂ ਲਗਵਾਈ। ਰਾਜਾ ਰਘੁਬੀਰ ਸਿੰਘ ਨੇ ਹੀ ਗੁਰਦੁਆਰਾ ਸਾਹਿਬ ਲਈ ਵਿਸ਼ੇਸ਼ ਨਿਸ਼ਾਨ ਸਾਹਿਬ ਬਣਵਾਇਆ, ਜਿਸ ਦੀ ਪਹਿਚਾਣ ਅੱਜ ਵੀ ਅਲੱਗ ਹੀ ਹੈ। 1956 ਈ: ਵਿਚ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਆਇਆ। ਇਸ ਇਤਿਹਾਸਕ ਅਸਥਾਨ ਦੇ ਨੇੜੇ ਹੀ ਗੁਰਦੁਆਰਾ ਸਾਹਿਬ ‘ਖਟਕੜ’ ਤੇ ਗੁਰਦੁਆਰਾ ਸਾਹਿਬ ‘ਖਰਕ’ ਦਰਸ਼ਨ ਕਰਨ ਯੋਗ ਹੈ। ਇਸ ਅਸਥਾਨ ‘ਤੇ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਵਿਸਾਖੀ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ।

ਇਹ ਇਤਿਹਾਸਕ ਅਸਥਾਨ ਹਰਿਆਣਾ ਰਾਜ ਦੇ ਜ਼ਿਲ੍ਹਾ ਜੀਂਦ ਵਿਚ ਰੇਲਵੇ ਸਟੇਸ਼ਨ ਜੀਂਦ ਤੋਂ 2 ਕਿਲੋਮੀਟਰ ਅਤੇ ਬੱਸ ਸਟੈਂਡ ਤੋਂ ਕੇਵਲ ½ ਕਿਲੋਮੀਟਰ ਦੀ ਦੂਰੀ ‘ਤੇ ਹੈ।

ਪਟਿਆਲਾ, ਪਹੇਵਾ, ਰੋਹਤਕ, ਪਾਤੜਾਂ ਆਦਿ ਸ਼ਹਿਰਾਂ ਰਾਹੀਂ ਜੀਂਦ ਸੜਕੀ ਮਾਰਗ ਨਾਲ ਜੁੜਿਆ ਹੈ। ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਠੀਕ ਹੈ। ਰਿਹਾਇਸ਼ ਲਈ 10 ਕਮਰੇ ਹਨ। ਵਧੇਰੇ ਜਾਣਕਾਰੀ 01681-55045 ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.