ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ, ਮਾਛੀਵਾੜਾ (ਲੁਧਿਆਣਾ)

ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ, ਉਹ ਪਵਿੱਤਰ ਇਤਿਹਾਸਕ ਸਥਾਨ ਹੈ, ਜਿਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੇ ਅਨੋਖੇ ਯੁੱਧ ਸਮੇਂ ‘ਪੰਜਾਂ ਪਿਆਰਿਆਂ’ ਦੇ ਹੁਕਮ ਨੂੰ ਪ੍ਰਵਾਨਦੇ ਹੋਏ, ਚਮਕੌਰ ਦੀ ਗੜ੍ਹੀ ਨੂੰ ਛੱਡ, ਕੰਡੇਦਾਰ ਝਾੜੀਆਂ ਉਜਾੜ-ਬੀਆਬਾਨ ਦਾ ਸਫ਼ਰ ਕਰਦੇ ਹੋਏ, ਮਾਛੀਵਾੜੇ ਦੇ ਜੰਗਲ ‘ਚ ਪਹੁੰਚੇ। ਗੁਰਦੇਵ ਦੇ ਪਾਵਨ ਚਰਨ-ਕੰਵਲ ਲਹੂ-ਲੁਹਾਨ ਹਨ ਪਰ ਪਰਮਾਤਮਾ ਨੂੰ ਯਾਦ ਕਰਦਿਆਂ ਇਹ ਸ਼ਬਦ ਉਚਾਰਦੇ ਹਨ:-

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।।…….

ਇਸ ਸਥਾਨ ‘ਤੇ ਹੀ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ, ਜੋ ਚਮਕੌਰ ਦੀ ਗੜ੍ਹੀ ‘ਚੋਂ ਚੱਲਣ ਸਮੇਂ ਵਿਛੜ ਗਏ ਸਨ ਆਣ ਮਿਲੇ। ਗੁਰੂ-ਘਰ ਦੇ ਪ੍ਰੀਤਵਾਨ ਗੁਲਾਬ ਚੰਦ ਮਸੰਦ ਨੂੰ ਜਦ ਗੁਰਦੇਵ ਦੇ ਆਉਣ ਦਾ ਪਤਾ ਲੱਗਿਆ ਤਾਂ ਉਹ ਆਪ ਆਦਰ-ਸਤਿਕਾਰ ਨਾਲ ਗੁਰੂ ਜੀ ਨੂੰ ਆਪਣੇ ਘਰ ਲੈ ਆਇਆ। ਘੋੜਿਆਂ ਦੇ ਸੁਦਾਗਰ ਭਾਈ ਗਨੀ ਖਾਂ, ਨਬੀ ਖਾਂ ਵੀ ਮਾਛੀਵਾੜੇ ਦੇ ਰਹਿਣ ਵਾਲੇ ਸਨ ਜਿਨ੍ਹਾਂ ਭੈ-ਭਾਵਨਾ ਨਾਲ ਗੁਰੂ ਜੀ ਦੀ ਟਹਿਲ-ਸੇਵਾ ਕੀਤੀ। ਪੰਥ ਦੇ ਵਾਲੀ ਇਥੋਂ ਹੀ ‘ਨੀਲ ਬਸਤਰ’ ਧਾਰਨ ਕਰ, ‘ਉਚ ਦੇ ਪੀਰ’ ਦੇ ਰੂਪ ਵਿਚ ਆਪਣੇ ਅਗਲੇ ਮਾਰਗ ‘ਤੇ ਚਲਦੇ ਹਨ। ਗੁਰਦੇਵ ਜੀ ਦੀ ਪਾਲਕੀ ਨੂੰ ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਗਨੀ ਖ਼ਾਂ ਤੇ ਭਾਈ ਨਬੀ ਖ਼ਾਂ ਨੇ ਉਠਾਇਆ ਤੇ ਭਾਈ ਦਇਆ ਸਿੰਘ ਜੀ ਪਾਤਸ਼ਾਹ ਨੂੰ ਚੌਰ ਕਰਨ ਲੱਗੇ।

ਗੁਰੂ ਜੀ ਦੀ ਚਰਨ-ਛੋਹ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੀ ਨਵੀਂ ਸੁੰਦਰ ਇਮਾਰਤ ਬਣੀ ਹੈ। ਪਹਿਲੀ, ਪੰਜਵੀਂ, ਨੌਵੀਂ ਤੇ ਦਸਵੀਂ ਪਾਤਸ਼ਾਹੀ ਦੇ ਆਗਮਨ ਗੁਰਪੁਰਬ, ਖਾਲਸੇ ਦਾ ਸਿਰਜਣਾ ਦਿਹਾੜਾ ਵਿਸਾਖੀ ਤੇ ਸਾਲਾਨਾ ਜੋੜ-ਮੇਲਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ।

ਮਾਛੀਵਾੜਾ ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣੇ ਦਾ ਪ੍ਰਮੁੱਖ ਨਗਰ ਹੈ, ਜੋ ਲੁਧਿਆਣਾ-ਚੰਡੀਗੜ੍ਹ ਮੇਨ ਸੜਕ ਤੋਂ ਸਮਰਾਲਾ-ਮਾਛੀਵਾੜਾ ਲਿੰਕ ਸੜਕ ‘ਤੇ ਲੁਧਿਆਣਾ ਤੋਂ 40 ਕਿਲੋਮੀਟਰ ਦੀ ਦੂਰੀ ‘ਤੇ ਹੈ। ਬੱਸ ਸਟੈਂਡ ਮਾਛੀਵਾੜੇ ਤੋਂ ਗੁਰਦੁਆਰਾ ਚਰਨ ਕੰਵਲ ਕੇਵਲ 500 ਮੀਟਰ ਦੀ ਦੂਰੀ ‘ਤੇ ਹੈ।

ਯਾਤਰੂਆਂ ਦੀ ਰਿਹਾਇਸ਼ ਵਾਸਤੇ ਪੰਜ ਕਮਰੇ ਹਨ ਤੇ ਲੰਗਰ-ਪ੍ਰਸ਼ਾਦਿ ਦਾ ਵੀ ਪ੍ਰਬੰਧ ਹੈ। ਵਧੇਰੇ ਜਾਣਕਾਰੀ 01628-50190 ਨੰਬਰ ‘ਤੇ ਫੌਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.