ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ (ਸੰਗਰੂਰ)

ਆਦਿ ਗੁਰੂ, ਗੁਰੂ ਨਾਨਕ ਸਾਹਿਬ ਤੇ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਚਰਨ-ਛੋਹ ਦੀ ਯਾਦ ਵਿਚ ਸਸ਼ੋਭਿਤ ਹੈ, ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ (ਸੰਗਰੂਰ) । ਗੁਰੂ ਨਾਨਕ ਸਾਹਿਬ ਪੂਰਬ ਦੀ ਉਦਾਸੀ ਸਮੇਂ ਇਸ ਅਸਥਾਨ ‘ਤੇ 15 ਦਿਨ ਠਹਿਰ ਕੇ ਨਾਮ-ਬਾਣੀ ਦਾ ਪ੍ਰਚਾਰ ਕਰਦੇ ਰਹੇ । ਭਾਈ ਮਰਦਾਨਾ ਜੀ ਵੀ ਉਨ੍ਹਾਂ ਦੇ ਨਾਲ ਸਨ ।

ਗੁਰੂ ਹਰਿਗੋਬਿੰਦ ਸਾਹਿਬ ਜੀ ਅਕੋਈ ਸਾਹਿਬ ਤੋਂ ਇਥੇ ਆਏ ਸਨ । ਗੁਰੂ ਨਾਨਕ ਸਾਹਿਬ ਜੀ ਦੇ ਬਿਰਾਜਣ-ਅਸਥਾਨ ‘ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ‘ਥੜ੍ਹੇ’ ਦਾ ਨਿਰਮਾਣ ਕਰਵਾਇਆ । ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਪਹਿਲਾਂ ਰਾਜਾ ਸਰੂਪ ਸਿੰਘ ਨੇ ਕਰਵਾਈ । ਰਾਜਾ ਸਰੂਪ ਸਿੰਘ ਦੇ ਗੁਰਪੁਰੀ ਪਿਆਨਾ ਕਰ ਜਾਣ ‘ਤੇ ਉਨ੍ਹਾਂ ਦੇ ਸਪੁੱਤਰ ਰਾਜਾ ਰਘੁਬੀਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨਵਾਂ ਰੂਪ ਪ੍ਰਦਾਨ ਕੀਤਾ ਤੇ ਇਕ ਵਿਸ਼ੇਸ਼ ਨਿਸ਼ਾਨ ਸਾਹਿਬ ਲਗਵਾਇਆ । ਮੌਜੂਦਾ ਇਮਾਰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 1990 ਈ: ਵਿਚ ਬਣਾਈ ਗਈ । ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਗੁਰਦੁਆਰਾ ਕਰੀਰ ਸਾਹਿਬ ਅਤੇ ਵਿਸ਼ਾਲ ਸੁੰਦਰ ਸਰੋਵਰ ਹੈ ।

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਸ਼ ਗੁਰਜ਼, ਗੁਰਦੁਆਰਾ ਸਾਹਿਬ ਵਿਚ ਸੁਰੱਖਿਅਤ ਹੈ । ਗੁਰਮਤਿ ਵਿਚਾਰਧਾਰਾ ਦੇ ਪਾਠਕਾਂ ਵਾਸਤੇ ਬਹੁਤ ਵਧੀਆ ਲਾਇਬ੍ਰੇਰੀ ਹੈ; ਗੁਰਮਤਿ ਲਿਟਰੇਚਰ ਹਾਊਸ ਹੈ, ਜਿਸ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪ੍ਰਾਪਤ ਕੀਤੇ ਜਾ ਸਕਦੇ ਹਨ । ਸਮੇਂ-ਸਮੇਂ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ । ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਅਤੇ ਖਾਲਸੇ ਦਾ ਸਿਰਜਨਾ ਦਿਹਾੜਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ ।

ਇਹ ਇਤਿਹਾਸਕ ਅਸਥਾਨ ਮੰਗਲਵਾਲ ਦੇ ਨਜ਼ਦੀਕ ਸੰਗਰੂਰ ਸ਼ਹਿਰ ਦੇ ਵਿਚ, ਰੇਲਵੇ ਸਟੇਸ਼ਨ ਸੰਗਰੂਰ ਤੋਂ 3 ਕਿਲੋਮੀਟਰ ਤੇ ਬੱਸ ਸਟੈਂਡ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸੰਗਰੂਰ ਬਾਲੀਆਂ ਰੋਡ ‘ਤੇ ਸਥਿਤ ਹੈ । ਯਾਤਰੂਆਂ ਦੀ ਟਹਿਲ-ਸੇਵਾ ਲਈ ਲੰਗਰ-ਪ੍ਰਸ਼ਾਦਿ ਤੇ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ । ਵਧੇਰੇ ਜਾਣਕਾਰੀ 84370-08013 ਫੋਨ ਨੰ: ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।

 

Gurdwara Text Courtesy :- Dr. Roop Singh, Secretary S.G.P.C.