7-05-2015-2ਅੰਮ੍ਰਿਤਸਰ  7 ਮਈ – ਸ੍ਰੀ ਅਨੰਦਪੁਰ ਸਾਹਿਬ ਜੀ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ੧੫ ਜੂਨ ੨੦੧੫ ਨੂੰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੀਕ ਵਿਸ਼ਾਲ ਨਗਰ ਕੀਰਤਨ ਆਯੋਜਿਤ ਕਰੇਗੀ ਤੇ ਇਸ ਨਗਰ ਕੀਰਤਨ ਦੀ ਰੂਪ-ਰੇਖਾ ਅਤੇ ਰਸਤਾ ਤੈਅ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ ਆਫਿਸ ਚੰਡੀਗੜ੍ਹ ਵਿਖੇ ਸ. ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਅਹਿਮ ਬੈਠਕ ਹੋਈ।ਜਿਸ ਵਿੱਚ ਅੰਤ੍ਰਿੰਗ ਮੈਂਬਰ ਸ. ਕਰਨੈਲ ਸਿੰਘ ਪੰਜੋਲੀ ਤੇ ਸ. ਨਿਰਮੈਲ ਸਿੰਘ ਜੌਲਾਂਕਲਾ, ਮੈਂਬਰ ਸ਼੍ਰੋਮਣੀ ਕਮੇਟੀ ਸ. ਬਲਦੇਵ ਸਿੰਘ ਕਾਇਮਪੁਰੀ, ਸ. ਦਲਜੀਤ ਸਿੰਘ ਭਿੰਡਰ ਤੇ ਬੀਬੀ ਮਨਜੀਤ ਕੌਰ, ਸ. ਅਵਤਾਰ ਸਿੰਘ ਸਕੱਤਰ, ਸ. ਰਣਜੀਤ ਸਿੰਘ ਵਧੀਕ ਸਕੱਤਰ, ਸ. ਜਗੀਰ ਸਿੰਘ ਮੀਤ ਸਕੱਤਰ ਤੇ ਕੋਆਰਡੀਨੇਟਰ ਸ਼ਤਾਬਦੀ ਸ. ਸਤਬੀਰ ਸਿੰਘ ਤੇ ਸ. ਤਰਲੋਚਨ ਸਿੰਘ, ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਮੀਤ ਪ੍ਰਧਾਨ ਸ. ਹਰਭਜਨ ਸਿੰਘ, ਮੈਨੇਜਰ ਸ. ਜਸਵਿੰਦਰ ਸਿੰਘ, ਖਜ਼ਾਨਚੀ ਸ. ਗੁਰਮੀਤ ਸਿੰਘ, ਸ. ਚਰਨ ਸਿੰਘ ਤੇ ਸ. ਇਕਬਾਲ ਸਿੰਘ ਆਦਿ ਸ਼ਾਮਲ ਹੋਏ।
ਨਗਰ ਕੀਰਤਨ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਸ. ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ੧੫ ਜੂਨ ਨੂੰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੀਕ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਜਾਵੇਗਾ ਜੋ ਬਹਾਦਰਪੁਰ, ਛਛਰੌਲੀ, ਬਿਲਾਸਪੁਰ, ਗੁਰਦੁਆਰਾ ਸ੍ਰੀ ਕਪਾਲਮੋਚਨ ਸਾਹਿਬ, ਗੁਰਦੁਆਰਾ ਸਾਹਿਬ ਸੰਢੌਰਾ, ਨਰਾਇਣਗੜ੍ਹ, ਸਜਾਦਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਨਾਢਾ ਸਾਹਿਬ, ਪਾਤਸ਼ਾਹੀ ਦਸਵੀਂ ਪੰਚਕੂਲਾ (ਹਰਿਆਣਾ) ਵਿਖੇ ਰਾਤ ਦਾ ਠਹਿਰਾਓ ਕਰੇਗਾ।ਇਹ ਨਗਰ ਕੀਰਤਨ ੧੬-ਜੂਨ ੨੦੧੫ ਨੂੰ ਸਵੇਰੇ ੮:੩੦ ਵਜੇ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਪੰਚਕੂਲਾ ਤੋਂ ਚੱਲ ਕੇ ਪਿੰਜੌਰ, ਨਾਲਾਗੜ੍ਹ, ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਤੋਂ ਹੁੰਦਾ ਹੋਇਆ ਸ਼ਾਮ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਵੇਗਾ।ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਪਰਿਵਾਰਾਂ ਸਮੇਤ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ।