ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ

ਗੁਰਦੁਆਰਾ ਫਤਹਿਗੜ੍ਹ ਸਾਹਿਬ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਧਰਮ ਹਿਤ ਦਿੱਤੀ ਅਦੁੱਤੀ-ਸ਼ਹਾਦਤ ਦੀ ਅਮਰ ਯਾਦਗਾਰ ਵਜੋਂ ਸ਼ੁਭਾਇਮਾਨ ਹੈ।

ਕਲਗੀਧਰ ਪਾਤਸ਼ਾਹ ਦੇ ਛੋਟੇ ਬਹਾਦਰ ਸਪੂਤ ਸ੍ਰੀ ਅਨੰਦਪੁਰ ਸਾਹਿਬ ਦੀ ਭਿਆਨਕ ਜੰਗ ਸਮੇਂ ਮਾਤਾ ਗੁਜਰੀ ਸਮੇਤ, ਗੁਰਦੁਆਰਾ ਪਰਿਵਾਰ ਵਿਛੋੜਾ ਦੇ ਸਥਾਨ ਤੋਂ ਖਾਲਸਾਈ ਪਰਿਵਾਰ ਨਾਲੋਂ ਵਿਛੜ ਗਏ। ਘਰੇਲੂ ਨੌਕਰ, ਗੰਗੂ ਬ੍ਰਾਹਮਣ ਦੀ ਗਦਾਰੀ ਕਾਰਨ ਛੋਟੇ ਸਾਹਿਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸਿੱਖ ਧਰਮ ਨੂੰ ਛੱਡਣ ਤੇ ਇਸਲਾਮ ਕਬੂਲ਼ ਕਰਨ ਲਈ ਸਾਹਿਬਜ਼ਾਦਿਆਂ ਨੂੰ ਸੰਸਾਰਿਕ ਤੇ ਪ੍ਰਮਾਥਿਕ ਲਾਲਚ ਤੇ ਡਰਾਵੇ ਦਿੱਤੇ ਗਏ। ਨਵਾਬ ਸ਼ੇਰ ਮੁਹੰਮਦ ਨੇ ਸਾਹਿਬਜ਼ਾਦਿਆਂ ਦੇ ਹੱਕ ਵਿਚ

ਹਾਂਅ ਦਾ ਨਾਅਰਾ ਮਾਰਿਆ ਪਰ ਕਿਸੇ ਨਾ ਸੁਣੀ। ਜਦ ਸਾਹਿਬਜ਼ਾਦੇ ਕਿਸੇ ਲਾਲਚ-ਡਰਾਵੇ ਨੂੰ ਨਾ ਮੰਨੇ ਤਾਂ ਜ਼ਾਲਮਾਂ ਉਨ੍ਹਾਂ ਮਾਸੂਮ ਜਿੰਦਾਂ ਨੂੰ ਨੀਹਾਂ ਵਿਚ ਚਿਣਵਾ-ਕਤਲ ਕਰਵਾ ਦਿਤਾ। ਵਿਸ਼ਵ ਇਤਿਹਾਸ ਦਾ ਇਹ ਲਾਸਾਨੀ ਸ਼ਹੀਦੀ ਸਾਕਾ 13 ਪੋਹ, 1761 ਬਿ: ਦਸੰਬਰ 1704 ਈ: ਵਿਚ ਵਾਪਰਿਆ। ਜਦ ਇਹ ਦੁਖਦਾਈ ਖਬਰ ਮਾਤਾ ਗੁਜਰੀ ਨੂੰ ਮਿਲੀ ਤਾਂ ਉਹ ਵੀ ਗੁਰਪੁਰੀ ਪਿਆਨਾ ਕਰ ਗਏ। ਰਹਿਮਦਿਲ ਸ਼ਾਹੂਕਾਰ ਦੀਵਾਨ ਟੋਡਰ ਮਲ੍ਹ ਨੇ ਅਸ਼ਰਫੀਆਂ (ਮੋਹਰਾਂ) ਵਿਛਾ, ਥਾਂ ਮੁੱਲ ਲੈ ਦੋਹਾਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦਾ ਸਸਕਾਰ ਗੁ: ਜੋਤੀ ਸਰੂਪ ਦੇ ਸਥਾਨ ‘ਤੇ ਕੀਤਾ।

ਸਿੱਖਾਂ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਖੂਨੀ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ, ਵਜ਼ੀਰ ਖਾਂ ਨੂੰ ਮਾਰ ਜ਼ੁਲਮ ਦਾ ਬਦਲਾ ਲਿਆ ਤੇ ਸ਼ਹੀਦੀ ਸਥਾਨ ‘ਤੇ ਯਾਦਗਾਰ ਕਾਇਮ ਕੀਤੀ। ਸਿੱਖ ਰਾਜ ਕਾਲ ਸਮੇਂ ਇਹ ਇਲਾਕਾ ਮਹਾਰਾਜਾ ਆਲਾ ਸਿੰਘ ਦੀ ਰਿਆਸਤ ਪਟਿਆਲਾ ਅਧੀਨ ਸੀ। ਬਾਬਾ ਆਲਾ ਸਿੰਘ ਨੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਨੂੰ ਨਵੇਂ ਸਿਰਿਓਂ ਬਣਾਇਆ। ਬਾਬਾ ਫਤਹਿ ਸਿੰਘ ਜੀ ਦੇ ਪਾਵਨ ਨਾਂ ‘ਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਸ਼ਵ ਪ੍ਰਸਿੱਧ ਹੈ। ਗੁਰਦੁਆਰਾ ਸਾਹਿਬ ਦੀ ਤਿੰਨ ਮੰਜ਼ਿਲਾ ਆਲੀਸ਼ਾਨ ਇਮਾਰਤ ਸ਼ੁਭਾਇਮਾਨ ਹੈ। ਇਸ ਪਾਵਨ ਅਸਥਾਨ ਤੇ ਹਜ਼ਾਰਾਂ ਸ਼ਰਧਾਲੂ ਰੋਜ਼ਾਨਾ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਨ ਆਉਂਦੇ ਹਨ।

ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਾਲ-2 ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਬੁਰਜ ਮਾਤਾ ਗੁਜਰੀ ਜੀ, ਗੁਰਦੁਆਰਾ ਬਿਬਾਨ ਗੜ੍ਹ, ਗੁ: ਥੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ. ਸ਼ਹੀਦ ਗੰਜ ਤੇ ਗੁ. ਜੋਤੀ ਸਰੂਪ ਆਦਿ ਇਤਿਹਾਸਕ ਅਸਥਾਨ ਹਨ।

ਗੁਰਦੁਆਰਾ ਫਤਹਿਗੜ੍ਹ ਸਾਹਿਬ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਸਰਹਿੰਦ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ, ਅੰਮ੍ਰਿਤਸਰ-ਦਿੱਲੀ ਜੀ.ਟੀ.ਰੋਡ ਸਰਹਿੰਦ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਫਤਹਿਗੜ੍ਹ ਸਾਹਿਬ ਰੋਪੜ ਸੜਕ ‘ਤੇ ਸਥਿਤ ਹੈ।

ਲੰਗਰ-ਪ੍ਰਸ਼ਾਦਿ ਰਿਹਾਇਸ਼ ਦਾ 24 ਘੰਟੇ ਬਹੁਤ ਵਧੀਆ ਪ੍ਰਬੰਧ ਹੈ। ਯਾਤਰੂਆਂ ਦੀ ਰਿਹਾਇਸ਼ ਵਾਸਤੇ ਬਾਥਰੂਮਾਂ ਸਮੇਤ 47 ਕਮਰੇ ਤੇ ਦੋ ਹਾਲ ਕਮਰਿਆਂ ਦੀ ਸਰਾਂ ਹੈ। ਗੁਰਪੁਰਬਾਂ ਤੋਂ ਇਲਾਵਾ ਇਸ ਸਥਾਨ ‘ਤੇ ਜਨਮ ਦਿਵਸ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਸ਼ਹੀਦੀ ਜੋੜ ਮੇਲਾ 11-12-13 ਪੋਹ ਨੂੰ ਬਹੁਤ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ।

ਵਧੇਰੇ ਜਾਣਕਾਰੀ ਲਈ 01763-30227 ਫੋਨ ਦੀ ਸਹੂਲਤ ਉਪਲਬਧ ਹੈ।

 

Gurdwara Text Courtesy :- Dr. Roop Singh, Secretary S.G.P.C.