ਗੁਰਦੁਆਰਾ ਸ੍ਰੀ ਬਾਰਠ ਸਾਹਿਬ (ਗੁਰਦਾਸਪੁਰ)

ਗੁਰਦੁਆਰਾ ਸ੍ਰੀ ਬਾਰਠ ਸਾਹਿਬ, ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਜੀਵਨ-ਕਹਾਣੀ ਨਾਲ ਸਬੰਧਤ ਹੈ। ਬਾਬਾ ਸ੍ਰੀ ਚੰਦ ਜੀ ਉਦਾਸੀ ਸੰਪਰਦਾ ਦੇ ਸੰਚਾਲਕ ਸਨ ਅਤੇ ਆਪਣੇ ਜੀਵਨ ਦੇ ਕਾਫ਼ੀ ਸਾਲ ਇਨ੍ਹਾਂ ਬਾਰਠ ਪਿੰਡ ਵਿਚ ਬਿਤਾਏ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ‘ਸੱਚ ਧਰਮ’ ਦਾ ਪ੍ਰਚਾਰ-ਪ੍ਰਸਾਰ ਕਰਦਿਆਂ, ਇਥੇ ਆਪਣੇ ਮੁਬਾਰਕ ਚਰਨ ਪਾਏ। ਉਦਾਸੀ ਸੰਪਰਦਾ ਵਾਲੇ ਉਦਾਸੀ ਲਿਬਾਸ ਵਿਚ ‘ਨਾਨਕ ਨਿਰਮਲ ਪੰਥ’ ਦਾ ਪ੍ਰਚਾਰ ਕਰਦੇ ਸਨ। ਸਮੇਂ ਦੇ ਬੀਤਣ ਨਾਲ ਉਦਾਸੀ ਮੱਤ ਦੇ ਗੁਰਮਤਿ ਵਿਚਾਰਧਾਰਾ ਵਿਚ ਦੂਰੀ ਵਧਦੀ ਗਈ। ਇਸ ਦੂਰੀ ਨੂੰ ਘਟਾਉਣ ਲਈ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਪਾਸੋਂ ਬਾਬਾ ਗੁਰਦਿਤਾ ਜੀ ਦੀ ਮੰਗ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਨੇ ਬਾਰਠ ਸਾਹਿਬ ਦੇ ਅਸਥਾਨ ‘ਤੇ ਬਾਬਾ ਸ੍ਰੀ ਚੰਦ ਜੀ ਨੂੰ ਆਪਣਾ ਸਪੁੱਤਰ (ਬਾਬਾ) ਗੁਰਦਿਤਾ ਜੀ ਸੌਂਪ ਦਿੱਤਾ, ਜੋ ਬਾਬਾ ਸ੍ਰੀ ਚੰਦ ਤੋਂ ਬਾਅਦ ਉਦਾਸੀ ਸੰਪਰਦਾ ਦੇ ਮੁਖੀ ਬਣ ਕੇ ਗੁਰਮਤਿ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਦੇ ਰਹੇ।

ਇਸ ਅਸਥਾਨ ਦਾ ਬਹੁਤ ਸਮਾਂ ਪ੍ਰਬੰਧ ਉਦਾਸੀ ਸੰਪਰਦਾ ਪਾਸ ਹੀ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਕਾਲ ਦੌਰਾਨ ਕੁਝ ਜਾਇਦਾਦ ਗੁਰਦੁਆਰਾ ਬਾਰਠ ਸਾਹਿਬ ਦੇ ਨਾਂ ਲਗਵਾਈ। ਹੁਣ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਾਸ ਹੈ। ਇਸ ਅਸਥਾਨ ਦੇ ਨਜ਼ਦੀਕ ਹੀ ਗੁਰਦੁਆਰਾ ਬਾਉਲੀ ਸਾਹਿਬ ਤੇ ਗੁਰਦੁਆਰਾ ਥੰਮ ਸਾਹਿਬ ਦੇਖਣ ਯੋਗ ਹਨ। ਇਸ ਅਸਥਾਨ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਆਗਮਨ ਗੁਰਪੁਰਬ ਤੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ।

ਗੁਰਦੁਆਰਾ ਬਾਰਠ ਸਾਹਿਬ, ਬਾਰਠ ਪਿੰਡ ਜੋ ਤਹਿਸੀਲ ਪਠਾਨਕੋਟ, ਜ਼ਿਲ੍ਹਾ ਗੁਰਦਾਸਪੁਰ ਵਿਚ ਅੰਮ੍ਰਿਤਸਰ-ਪਠਾਨਕੋਟ ਰੋਡ ‘ਤੇ ਸਰਨਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਜਸੋਵਾਲੀ-ਬਾਰਠ ਸਾਹਿਬ ਲਿੰਕ ਰੋਡ ‘ਤੇ ਸਥਿਤ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ। ਰਿਹਾਇਸ਼ ਵਾਸਤੇ 10 ਕਮਰੇ ਹਨ। ਵਧੇਰੇ ਜਾਣਕਾਰੀ 0186-65367 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.