ਗੁਰਦੁਆਰਾ ਸ੍ਰੀ ਭੱਠਾ ਸਾਹਿਬ (ਰੋਪੜ)

ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਦਸਮੇਸ਼ ਪਿਤਾ, ਗੁਰੂ ਗੋਬਿੰਦ ਜੀ ਦੀ ਆਮਦ ਦੀ ਪਾਵਨ ਯਾਦ ਵਿਚ ਸੁਭਾਇਮਾਨ ਹੈ। ਕਿਹਾ ਜਾਂਦਾ ਹੈ ਕਿ ਇਸ ਸੁਹਾਣੀ ਧਰਤ ਨੂੰ ਚਾਰ ਵਾਰ ਗੁਰਦੇਵ ਜੀ ਦੀ ਚਰਨ-ਛੋਹ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪਹਿਲੀ ਵਾਰ ਗੁਰਦੇਵ ‘ਭੰਗਾਣੀ ਯੁੱਧ’ ਜਿੱਤਣ ਉਪਰੰਤ ਸ੍ਰੀ ਅਨੰਦਪੁਰ ਵਾਪਸੀ ਸਮੇਂ ਇਕ ਸੇਵਕ ਪਰਿਵਾਰ ਪਾਸ ਕੁਝ ਸਮੇਂ ਲਈ ਠਹਿਰੇ। ਇਹ ਸਥਾਨ ਦਰਿਆ ਸਤਲੁਜ ਤੇ ਰੋਪੜ ਸ਼ਹਿਰ ਤੋਂ ਥੋੜ੍ਹੀ ਦੂਰੀ ‘ਤੇ ਕੋਟਲਾ ਨਿਹੰਗ ਖ਼ਾਂ ਪਿੰਡ ਦੇ ਨਜ਼ਦੀਕ ਹੈ।

ਅੰਤਮ ਵਾਰ ਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਇਥੇ ਪਹੁੰਚੇ। ਨਿਹੰਗ ਖਾਂ ਪਠਾਣ ਦਾ ਪਰਿਵਾਰ ਗੁਰੂ-ਘਰ ਦਾ ਪ੍ਰੀਤਵਾਨ ਸ਼ਰਧਾਲੂ ਸੀ। ਨਿਹੰਗ ਖਾਂ ਦਾ ਪਰਿਵਾਰ ਚੰਗੀ ਨਸਲ ਦੇ ਘੋੜਿਆਂ ਦਾ ਵਪਾਰੀ ਸੀ, ਜੋ ਗਜ਼ਨਵੀ ਤੋਂ ਘੋੜੇ ਖ੍ਰੀਦ ਕੇ, ਗੁਰੂ-ਦਰਬਾਰ ਵਿਚ ਵੇਚਿਆ ਕਰਦੇ ਸਨ। ਨਿਹੰਗ ਖਾਂ ਦੇ ਪਰਿਵਾਰ ਨੂੰ ਜਦ ਗੁਰੂ ਜੀ ਦੀ ਆਮਦ ਦਾ ਪਤਾ ਚੱਲਿਆ ਤਾਂ ਉਹ ਦੁਸ਼ਮਣ ਦੀਆਂ ਫ਼ੌਜਾਂ ਦੇ ਖ਼ਤਰੇ ਦੀ ਪਰਵਾਹ ਨਾ ਕਰਦਾ ਹੋਇਆ, ਗੁਰਦੇਵ ਜੀ ਨੂੰ ਆਪਣੇ ਘਰ ਲੈ ਗਿਆ। ਨਿਹੰਗ ਖ਼ਾਂ ਦੇ ਪਰਿਵਾਰ ਦੀ ਟਹਿਲ-ਸੇਵਾ ‘ਤੇ ਖੁਸ਼ ਹੋ ਕੇ ਗੁਰੂ ਜੀ ਨੇ ਇਕ ਸ੍ਰੀ ਸਾਹਿਬ ਤੇ ਕਟਾਰ ਬਖ਼ਸ਼ਿਸ਼ ਕੀਤੀ, ਜੋ ਅੱਜ ਵੀ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਦਰਸ਼ਨ ਹਿਤ ਸੰਭਾਲੀ ਹੈ।

ਇਹ ਪਾਵਨ ਅਸਥਾਨ 1985 ਈ: ਵਿਚ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਬੰਧ ਅਧੀਨ ਆਇਆ। ਪਹਿਲਾਂ ਇਮਾਰਤ ਪੁਰਾਣੀ ਸੀ, ਹੁਣ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਨੇ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਪਾਸੋਂ ਅਤਿ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ ਹੈ। ਦੇਸੀ ਮਹੀਨੇ ਦੀ ਪਹਿਲੀ ਤਰੀਕ ਨੂੰ ਇਸ ਅਸਥਾਨ ‘ਤੇ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ।

ਗੁਰਦੁਆਰਾ ‘ਸ੍ਰੀ ਭੱਠਾ ਸਾਹਿਬ’ ਪਿੰਡ ਕੋਟਲਾ ਨਿਹੰਗ ਖਾਂ, ਤਹਿਸੀਲ ਜ਼ਿਲ੍ਹਾ ਰੋਪੜ ਵਿਚ ਸਥਿਤ ਹੈ, ਜੋ ਚੰਡੀਗੜ੍ਹ-ਰੋਪੜ ਸੜਕ ‘ਤੇ ਰੇਲਵੇ ਸਟੇਸ਼ਨ ਰੋਪੜ ਤੋਂ 1½ ਕਿਲੋਮੀਟਰ ਤੇ ਬੱਸ ਸਟੈਂਡ ਰੋਪੜ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਹੈ। ਗੁਰਦੁਆਰਾ ਸਾਹਿਬ ਵਿਖੇ ਲੰਗਰ-ਪ੍ਰਸ਼ਾਦਿ, ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ। ਯਾਤਰੂਆਂ ਦੀ ਰਿਹਾਇਸ਼ ਲਈ 26 ਸਾਫ਼-ਸੁਥਰੇ ਕਮਰੇ ਹਨ। ਇਸ ਅਸਥਾਨਾਂ ‘ਤੇ ਪਹਿਲੀ ਤੇ ਦਸਵੀਂ ਪਾਤਸ਼ਾਹੀ ਦੇ ਆਗਮਨ ਗੁਰਪੁਰਬ ਤੇ ਖਾਲਸਾ ਪੰਥ ਦਾ ਸਾਜਣਾ ਦਿਵਸ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ।

ਹਰ ਤਰ੍ਹਾਂ ਦੀ ਜਾਣਕਾਰੀ ਲਈ 01881-22932,23932 ਨੰਬਰਾਂ ਤੇ ਫੋਨ ਕੀਤਾ ਜਾ ਸਕਦਾ ਹੈ।

 

Gurdwara Text Courtesy :- Dr. Roop Singh, Secretary S.G.P.C.