ਅੰਮ੍ਰਿਤਸਰ, 24 ਜੂਨ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਉਪਰੰਤ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਉਹ ਯੋਧਾ ਸੀ ਜਿਸ ਨੇ ਮੁਗਲ ਸਲਤਨਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਅਤੇ ਜਬਰ ਜ਼ੁਲਮ ਵਿਰੁੱਧ ਸੰਘਰਸ਼ ਦਾ ਮਾਰਗ ਦਿਖਾਇਆ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਕੌਮ ਦੇ ਇਸ ਮਹਾਨ ਜਰਨੈਲ ਦੇ ਜੀਵਨ ਤੋਂ ਸੇਧ ਪ੍ਰਾਪਤ ਕਰਦਿਆਂ ਕੌਮ ਦੀ ਚੜ੍ਹਦੀ ਕਲਾ ਲਈ ਤਤਪਰ ਰਹਿਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਤੋਂ ਇਲਾਵਾ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਵਧੀਕ ਮੈਨੇਜਰ ਸ. ਸੁਖਰਾਜ ਸਿੰਘ, ਸ. ਇਕਬਾਲ ਸਿੰਘ ਮੁਖੀ, ਸ. ਸਤਨਾਮ ਸਿੰਘ ਮਾਂਗਾ ਸਰਾਏ, ਸ. ਨਿਸ਼ਾਨ ਸਿੰਘ ਆਦਿ ਮੌਜੂਦ ਸਨ।