ਅੰਮ੍ਰਿਤਸਰ, ੧੮ ਫ਼ਰਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਇਸ ਮੌਕੇ ਭਾਈ ਜਗਦੀਸ਼ ਸਿੰਘ ਵਡਾਲਾ ਦੇ ਢਾਡੀ ਜਥੇ ਅਤੇ ਭਾਈ ਸੁੱਚਾ ਸਿੰਘ ਡੇਰਾ ਪਠਾਣਾਂ ਦੇ ਕਵੀਸ਼ਰ ਜਥੇ ਨੇ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਵਿੱਚੋਂ ਪ੍ਰਸੰਗ ਸਾਂਝੇ ਕੀਤੇ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰਮਤਿ ਦਾ ਫ਼ਲਸਫ਼ਾ ਮਨੁੱਖਾ ਜੀਵਨ ਨੂੰ ਸਚਿਆਰ ਬਣਾਉਣ ਲਈ ਸੁਚੱਜਾ ਮਾਰਗ ਦਰਸ਼ਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਅੰਦਰ ਸਮਾਜ ਵਿਚ ਪ੍ਰਚੱਲਤ ਕੁਰੀਤੀਆਂ ਦੇ ਖ਼ਾਤਮੇ ਲਈ ਗੁਰਬਾਣੀ ਦੀ ਸਿੱਖਿਆ ‘ਤੇ ਅਮਲ ਕਰਨਾ ਜ਼ਰੂਰੀ ਹੈ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਗਏ ਮਾਰਗ ‘ਤੇ ਚੱਲਦਿਆਂ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਦੀ ਅਪੀਲ ਕੀਤੀ। ਇਸ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ, ਇਸ ਲਈ ਸਾਨੂੰ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਇਸ ਲਹਿਰ ਨਾਲ ਜੁੜਨ ਦੀ ਲੋੜ ਹੈ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਜਸਪਾਲ ਸਿੰਘ, ਭਾਈ ਗੁਰਵਿੰਦਰ ਸਿੰਘ ਵੜੈਚ ਤੇ ਭਾਈ ਲਖਬੀਰ ਸਿੰਘ ਕੱਕਾ ਕੰਡਿਆਲਾ ਨੇ ਵੀ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਅੰਮ੍ਰਿਤ ਸੰਚਾਰ ਸਮੇਂ ਦੋ ਸੌ ਦੱਸ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਧਰਮ ਪ੍ਰਚਾਰ ਕਮੇਟੀ ਵੱਲੋਂ ਪਿੰਡਾਂ ਅੰਦਰ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਤਹਿਤ ਵੱਖ-ਵੱਖ ਹਲਕਿਆਂ ਤੋਂ ਸੰਗਤਾਂ ਹਫ਼ਤਾਵਾਰੀ ਸਮਾਗਮਾਂ ਲਈ ਵਿਸ਼ੇਸ਼ ਬੱਸਾਂ ਰਾਹੀਂ ਪਹੁੰਚੀਆਂ। ਇਸ ਵਿਚ ਹਲਕਾ ਡੇਰਾ ਬਾਬਾ ਨਾਨਕ ਤੋਂ ੨ ਬੱਸਾਂ, ਹਲਕਾ ਅਜਨਾਲਾ ਤੋਂ ੧, ਹਲਕਾ ਪੱਟੀ ਤੋਂ ੧, ਹਲਕਾ ਜਲਾਲਾਬਾਦ ਤੋਂ ੨, ਹਲਕਾ ਕਾਲਾ ਅਫ਼ਗਾਨਾ ਤੋਂ ੧, ਹਲਕਾ ਫਗਵਾੜਾ ਤੋਂ ੧, ਹਲਕਾ ਧਾਰੀਵਾਲ ਤੋਂ ੧ ਅਤੇ ਹਲਕਾ ਗੁਰਦਾਸਪੁਰ (ਸੇਖਵਾਂ) ੧ ਬੱਸ ਰਾਹੀਂ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਵਿਚ ਸ਼ਾਮਲ ਹੋਈਆਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਮੰਗਵਿੰਦਰ ਸਿੰਘ ਖਾਪੜਖੇੜੀ ਤੇ ਭਾਈ ਅਜਾਇਬ ਸਿੰਘ ਅਭਿਆਸੀ, ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਪ੍ਰੋ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਨਿਰੰਜਨ ਸਿੰਘ, ਸ. ਬਹਾਲ ਸਿੰਘ, ਪ੍ਰਚਾਰਕ ਭਾਈ ਰਜਿੰਦਰ ਸਿੰਘ, ਭਾਈ ਰਣਜੀਤ ਸਿੰਘ ਵੜੈਚ, ਭਾਈ ਬਲਵੰਤ ਸਿੰਘ ਏਨੋਕੋਟ, ਭਾਈ ਇੰਦਰਜੀਤ ਸਿੰਘ, ਭਾਈ ਗੁਰਵਿੰਦਰ ਸਿੰਘ, ਬੀਬੀ ਹਰਪ੍ਰੀਤ ਕੌਰ, ਸ. ਕੁਲਬੀਰ ਸਿੰਘ, ਕਵੀਸ਼ਰ ਭਾਈ ਗੁਰਿੰਦਰ ਪਾਲ ਸਿੰਘ ਬੈਂਕਾ ਤੇ ਭਾਈ ਲਖਬੀਰ ਸਿੰਘ ਤੇੜੀ ਸਮੇਤ ਸੰਗਤਾਂ ਹਾਜ਼ਰ ਸਨ।