ਅੰਮ੍ਰਿਤਸਰ 7 ਮਾਰਚ- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀ ੬ਵੀਂ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਆਯੋਜਿਤ ਕੀਤਾ ਜਾਵੇਗਾ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਤੇ ਨਗਰ ਕੀਰਤਨ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਪ੍ਰਬੰਧਾਂ ਹੇਠ ਡਿਊਟੀਆਂ ਲਗਾਈਆਂ ਗਈਆਂ ਹਨ ਜਿਸ ਵਿੱਚ ਜਨਰਲ ਪ੍ਰਬੰਧ ਸ. ਕੇਵਲ ਸਿੰਘ ਐਡੀਸ਼ਨਲ ਸਕੱਤਰ ਤੇ ਸ. ਚਾਨਣ ਸਿੰਘ ਮੀਤ ਸਕੱਤਰ ਕਰਨਗੇ।ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ, ਨਿਗਰਾਚੀ ਸਮੇਤ ਨਗਾਰੇ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਪੰਜ ਸਿੰਘ ਸ਼ਮੂਲੀਅਤ ਕਰਨਗੇ।ਉਨ੍ਹਾਂ ਕਿਹਾ ਕਿ ਸ. ਤੇਜਿੰਦਰ ਸਿੰਘ ਇੰਚਾਰਜ ਧਾਰਮਿਕ ਪ੍ਰੀਖਿਆ, ਸ. ਜਗਜੀਤ ਸਿੰਘ ਐਡੀਸ਼ਨਲ ਮੈਨੇਜਰ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ, ਸ. ਸਤਨਾਮ ਸਿੰਘ ਮੀਤ ਮੈਨੇਜਰ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਤੇ ਸ. ਮੋਹਨ ਸਿੰਘ ਇੰਚਾਰਜ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵੀ ਪ੍ਰਬੰਧ ਵਿੱਚ ਸਹਿਯੋਗ ਦੇਣਗੇ।ਸ. ਬੇਦੀ ਨੇ ਕਿਹਾ ਕਿ ਨਗਰ ਕੀਰਤਨ ‘ਚ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਐਂਡ ਸਾਇੰਸ ਚੈਰੀਟੇਬਲ ਹਸਪਤਾਲ ਟਰੱਸਟ ਮਹਿਤਾ ਰੋਡ ਵੱਲ੍ਹਾ ਸ੍ਰੀ ਅੰਮ੍ਰਿਤਸਰ ਦੀ ਡਾਕਟਰੀ ਟੀਮ ਵੀ ਸਹਾਇਤਾ ਕਰੇਗੀ।ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਵਿੱਚ ਟੈਕਨੀਕਲ ਟੀਮਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵੱਲੋਂ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਇਹ ਨਗਰ ਕੀਰਤਨ ਸਵੇਰੇ ੮ ਵਜੇ ਆਰੰਭ ਹੋਵੇਗਾ।ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ ਦੀ ਆਰੰਭਤਾ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਸਕੱਤਰ ਸਾਹਿਬਾਨ ਤੋਂ ਇਲਾਵਾ ਸ਼ਹਿਰ ਦੀਆਂ ਧਾਰਮਿਕ ਸਭਾ-ਸੁਸਾਇਟੀਆਂ ਦੇ ਪ੍ਰਤੀਨਿਧ ਸ਼ਾਮਲ ਹੋਣਗੇ।ਸ. ਬੇਦੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਤਰਨ ਤਾਰਨ, ਹਰੀਕੇ, ਮੱਖੂ, ਜ਼ੀਰਾ, ਫਿਰੋਜ਼ਪੁਰ, ਸਾਦਿਕ ਤੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਤ ਨੂੰ ਵਿਸ਼ਰਾਮ ਕਰੇਗਾ।ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਨਗਰ ਕੀਰਤਨ ੯ ਮਾਰਚ ਨੂੰ ਸਵੇਰੇ ੮ ਵਜੇ ਆਰੰਭ ਹੋ ਕੇ ਮਲੋਟ, ਬੱਲੂ ਆਣਾ, ਅਬੋਹਰ ਬਾਈਪਾਸ, ਰਾਮਸਰਾ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਹਨੂੰਮਾਨਗੜ੍ਹ (ਰਾਜਿਸਥਾਨ) ਵਿਖੇ ਪਹੁੰਚੇਗਾ ਜਿਥੇ ਰਾਤ ਠਹਿਰੇਗਾ।ਇਥੋਂ ੧੦ ਮਾਰਚ ਨੂੰ ਨਗਰ ਕੀਰਤਨ ਸਵੇਰੇ ਮੁੜ ਆਰੰਭ ਹੋ ਕੇ ਰਾਵਤਸਰ, ਸਰਦਾਰ ਸ਼ਹਿਰ, ਫ਼ਤਹਿਪੁਰ, ਲਕਸ਼ਮਨ ਨਗਰ, ਸੀਕਰ, ਗੋਵਿੰਦਗੜ੍ਹ ਤੋਂ ਹੁੰਦਾ ਹੋਇਆ ਗੁਰਦੁਆਰਾ ਰਾਜਾ ਪਾਰਕ ਵਿਸ਼ਾਲੀ ਨਗਰ ਜੈਪੁਰ (ਰਾਜਿਸਥਾਨ) ਵਿਖੇ ਪੁੱਜੇਗਾ।ਜਿਥੋਂ ੧੧ ਮਾਰਚ ਨੂੰ ਨਗਰ ਕੀਰਤਨ ਵਾਇਆ ਟਾਂਕ, ਭਰਨੀ ਤੋਂ ਹੁੰਦਾ ਹੋਇਆ ਗੁਰਦੁਆਰਾ ਜਨਮ ਅਸਥਾਨ ਭਗਤ ਧੰਨਾ ਜੀ ਪਿੰਡ ਧੂੰਆਂ ਕਲਾਂ (ਰਾਜਿਸਥਾਨ) ਵਿਖੇ ਸੰਪੰਨ ਹੋਵੇਗਾ।
ਸ. ਬੇਦੀ ਨੇ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਸਭਾ-ਸੁਸਾਇਟੀਆਂ ਤੇ ਧਾਰਮਿਕ ਜਥੇਬੰਦੀਆ ਦੇ ਨੁਮਾਇੰਦਿਆ ਨੂੰ ਅਪੀਲ ਕੀਤੀ ਕਿ ਉਹ ਭਗਤ ਧੰਨਾ ਜੀ ਦੇ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰੂ-ਘਰ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨ।