3-1ਅੰਮ੍ਰਿਤਸਰ 25 ਸਤੰਬਰ (      ) ਇਤਿਹਾਸਕ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਸਥਾਪਤ ਗੁਰਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ ਦੀ ਇਮਾਰਤ ਨੂੰ ਰੰਗ-ਰੋਗਨ ਕਰਵਾਉਣ ਦੀ ਸੇਵਾ ਅੱਜ ਜੈਕਾਰਿਆਂ ਦੀ ਗੂੰਜ ਵਿੱਚ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਬਾਬਾ ਹਰਭਜਨ ਸਿੰਘ ਭਲਵਾਨ, ਬਾਬਾ ਵਾਹਿਗੁਰੂ ਸਿੰਘ, ਬਾਬਾ ਸਤਨਾਮ ਸਿੰਘ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਤੇ ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਆਰੰਭ ਕੀਤੀ ਗਈ।ਸੇਵਾ ਦੀ ਆਰੰਭਤਾ ਤੋਂ ਪਹਿਲਾ ਅਰਦਾਸ ਭਾਈ ਮਲਕੀਤ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕੀਤੀ ਉਪਰੰਤ ਹੁਕਮਨਾਮਾ ਲਿਆ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਸ਼ਵ ਦੀਆਂ ਕੁਲ ਅੱਠ ਸਿਰਮੌਰ ਲੜਾਈਆਂ ਵਿੱਚੋਂ ਇਕ ਸਾਰਾਗੜ੍ਹੀ ਦੀ ਲੜਾਈ ਹੈ ਜੋ ੧੨ ਸਤੰਬਰ ੧੮੯੭ ਨੂੰ ਜ਼ਿਲ੍ਹਾ ਕੋਹਾੜ (ਪਾਕਿਸਤਾਨ) ਦੀਆਂ ਉੱਚੀਆਂ ਪਹਾੜੀਆਂ ਤੇ ਸਾਰਾਗੜ੍ਹੀ ਪੋਸਟ ‘ਤੇ ਹੋਈ ਸੀ।ਜਿਥੇ ਇਨ੍ਹਾਂ ਸੂਰਮਿਆਂ ਨੇ ਘੱਟ ਗਿਣਤੀ ਵਿੱਚ ਹੁੰਦਿਆਂ ਹੋਇਆ ਵੀ ਆਪਣੇ ਤੋਂ ਕਈ ਗੁਣਾਂ ਵੱਧ ਗਿਣਤੀ ਵਾਲੇ ਦੁਸ਼ਮਣਾਂ ਦਾ ਦ੍ਰਿੜਤਾ ਅਤੇ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਤਕਰੀਬਨ ੬੦੦ ਕਬਾਇਲੀਆਂ ਨੂੰ ਮਾਰ ਕੇ ਆਪ ਸ਼ਹਾਦਤ ਦਾ ਜਾਮ ਪੀਤਾ।ਉਨ੍ਹਾਂ ਕਿਹਾ ਕਿ ਇਨ੍ਹਾਂ ਜੰਗੀ ਸ਼ਹੀਦਾਂ ਦੀ ਯਾਦ ਵਿੱਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ ਵਿਖੇ ਇਮਾਰਤ ਨੂੰ ਰੰਗ ਰੋਗਨ ਕਰਨ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਨੂੰ ਸੌਂਪੀ ਗਈ ਹੈ ਜਿਨ੍ਹਾਂ ਵੱਲੋਂ ਜਲਦ ਹੀ ਇਹ ਸੇਵਾ ਮੁਕੰਮਲ ਕਰ ਲਈ ਜਾਵੇਗੀ।ਇਸ ਸਮੇਂ ਸੰਤ ਬਾਬਾ ਲਾਭ ਸਿੰਘ ਵੱਲੋਂ ਬਾਬਾ ਹਰਭਜਨ ਸਿੰਘ ਭਲਵਾਨ ਨੂੰ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਤੇ ਸ. ਸੁਲੱਖਣ ਸਿੰਘ ਮੈਨੇਜਰ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ. ਲਖਵਿੰਦਰ ਸਿੰਘ ਬਦੋਵਾਲ ਵਧੀਕ ਮੈਨੇਜਰ, ਸ. ਸੁਖਜਿੰਦਰ ਸਿੰਘ ਤੇ ਸ. ਜਤਿੰਦਰਪਾਲ ਸਿੰਘ ਐਸ ਡੀ ਓ, ਸ. ਸ਼ਮਸ਼ੇਰ ਸਿੰਘ ਜੇ ਈ, ਸ. ਹਰਭਜਨ ਸਿੰਘ ਵਕਤਾ ਤੇ ਸੰਗਤਾਂ ਹਾਜ਼ਰ ਸਨ।