ਗੁਰਦੁਆਰਾ ਹਰੀਆਂ ਵੇਲਾਂ, ਬਜਰੌਰ (ਹੁਸ਼ਿਆਰਪੁਰ)

ਸ੍ਰੀ ਗੁਰੂ ਹਰਿ ਰਾਇ ਸਾਹਿਬ ਦੀ ਮੁਬਾਰਕ ਚਰਨ-ਛੋਹ ਪ੍ਰਾਪਤ ਧਰਤ ‘ਤੇ ਸੁਭਾਇਮਾਨ ਹੈ, ‘ਗੁਰਦੁਆਰਾ ਹਰੀਆਂ ਵੇਲਾਂ’। ਗੁਰੂ ਹਰਿ ਰਾਇ ਸਾਹਿਬ ਜੀ ਆਪਣੇ ਸੰਗੀ-ਸਾਥੀ, ਗੁਰਸਿੱਖ-ਯੋਧਿਆਂ ਸਮੇਤ ਲਾਵਲੀ ਤੋਂ ਚਲ ਕੇ ਇਥੇ ਆਏ ਕੁਝ ਸਮਾਂ ਇਥੇ ਨਿਵਾਸ ਕਰ ਇਲਾਕੇ ਵਿਚ ‘ਨਾਨਕ ਨਿਰਮਲ ਪੰਥ’ ਦਾ ਪ੍ਰਚਾਰ-ਪ੍ਰਸਾਰ ਕੀਤਾ। ਇਲਾਕੇ ਦੀਆਂ ਸੰਗਤਾਂ ਨੇ ਗੁਰੂ ਜੀ ਦਾ ਬਹੁਤ ਆਦਰ-ਮਾਣ, ਸਤਿਕਾਰ ਕੀਤਾ। ਗੁਰੂ ਘਰ ਦੇ ਪ੍ਰੇਮੀ ਬਾਬਾ ਪਰਜਾਪਤ ਨੇ ਗੁਰੂ-ਘਰ ਦੇ ਘੋੜਿਆਂ ਵਾਸਤੇ ਹਰੀਆਂ ਵੇਲਾਂ ਦਾ ਚਾਰਾ ਲਿਆਂਦਾ। ਗੁਰੂ ਜੀ ਪ੍ਰੇਮੀ ਗੁਰਸਿੱਖ ਦੀ ਸੇਵਾ ਭਾਵਨਾ ਤੋਂ ਖੁਸ਼ ਹੋਏ ‘ਤੇ ਸੁਭਾਵਿਕ ਬਚਨ ਕੀਤਾ ਕਿ ਇਹ ਅਸਥਾਨ ਹਮੇਸ਼ਾ ਹਰਿਆ-ਭਰਿਆ ਰਹੇਗਾ। ਇਹ ਅਸਥਾਨ ਪਿੰਡ ਚੋਗਰਾਂ, ਬੇਹਣ, ਚੱਬੇਵਾਲ ਅਤੇ ਬਜਰੌਰ ਆਦਿ ਵਿਚਕਾਰ ਹੈ। ਗੁਰੂ-ਘਰ ਦੇ ਆਲੇ-ਦੁਆਲੇ ਅੱਜ ਵੀ ਹਰੀਆਂ ਵੇਲਾਂ ਭਰਪੂਰ ਹਨ ਜਿਸ ਤੋਂ ਗੁਰਦੁਆਰੇ ਦਾ ਨਾਮ ਇਹ ਪ੍ਰਸਿੱਧ ਹੋਇਆ। ਗੁਰਦੁਆਰੇ ਦੇ ਨਾਮ ਸਿੱਖ ਰਾਜ ਸਮੇਂ ਕੁਝ ਜ਼ਮੀਨ ਜਗੀਰ ਦੇ ਰੂਪ ਵਿਚ ਲਗਵਾਈ ਗਈ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਵੀ ਆਪਣੇ ਮੁਬਾਰਕ ਚਰਨ ਇਸ ਧਰਤ ‘ਤੇ ਪਾਏ ਸਨ।

ਗੁਰਦੁਆਰਾ ਸਾਹਿਬ ਦੀ ਦੋ ਮੰਜ਼ਲੀ ਸੁੰਦਰ ਇਮਾਰਤ ਕੁਦਰਤੀ ਵਾਤਾਵਰਨ ਤੇ ਹਰੀਆਂ ਵੇਲਾਂ ਦਰਮਿਆਨ ਬਹੁਤ ਸੁੰਦਰ ਨਜ਼ਾਰਾ ਪੇਸ਼ ਕਰਦੀ ਹੈ। ਵਾਤਾਵਰਨ ਬਿਲਕੁਲ ਸ਼ਾਂਤ ਹੈ। ਗੁਰਦੁਆਰਾ ਸਾਹਿਬ ਦੇ ਨਾਲ ਸਰੋਵਰ ਵੀ ਬਣਿਆ ਹੋਇਆ ਹੈ।

ਇਸ ਇਤਿਹਾਸਕ ਅਸਥਾਨ ‘ਤੇ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਖਾਲਸੇ ਦੇ ਸਾਜਣਾ ਦਿਹਾੜੇ ‘ਤੇ ਵੀ ਵਿਸ਼ੇਸ਼ ਰੌਣਕਾਂ ਹੁੰਦੀਆਂ ਹਨ। ਯਾਤਰੂਆਂ ਦੀ ਟਹਿਲ ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਵਧੀਆ ਪ੍ਰਬੰਧ ਹੈ। ਰਿਹਾਇਸ਼ ਵਾਸਤੇ 10 ਕਮਰੇ ਬਣੇ ਹੋਏ ਹਨ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ, ਚੁਣੀਆਂ ਹੋਈਆਂ ਕਮੇਟੀਆਂ ਵਿਚ ਆਉਂਦਾ ਹੈ। ਇਸ ਸਮੇਂ ਪ੍ਰਬੰਧ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਜੀ ਦੀ ਦੇਖ-ਰੇਖ ਹੇਠ ਵਧੀਆ ਚਲ ਰਿਹਾ ਹੈ।

ਇਹ ਅਸਥਾਨ ਪਿੰਡ ਬਜਰੋਰ ਤਹਿਸੀਲ/ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਹੁਸ਼ਿਆਰਪੁਰ ਤੋਂ 11 ਕਿਲੋਮੀਟਰ, ਪਿੰਡ ਚੋਗਰਾਂ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਹੁਸ਼ਿਆਰਪੁਰ-ਗੜ੍ਹਸ਼ੰਕਰ ਰੋਡ ਦੇ ਨਜ਼ਦੀਕ ਸਥਿਤ ਹੈ।

ਵਧੇਰੇ ਜਾਣਕਾਰੀ 01882-74227 ਫ਼ੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.