S. Avtar Singhਅੰਮ੍ਰਿਤਸਰ ੧੭ ਨਵੰਬਰ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਜਨਾਲਾ ਕੋਲ ਪਿੰਡ ਹਰਦੋਪੁਤਲੀ ਅਤੇ ਗੋਨਿਆਣਾ ਜੈਤੋ ਮੁੱਖ ਬਾਈਪਾਸ ਸੜਕ ਤੇ ਛੱਪੜ ਕੋਲ ਅਤੇ ਉਕਤ ਪਿੰਡ ਦੀ ਗਲੀਆਂ ਵਿੱਚ ਪੰਥ ਦੋਖੀਆਂ ਵੱਲੋਂ ਗਿਣੀ-ਮਿਥੀ ਸਾਜਿਸ਼ ਤਹਿਤ ਪਾਵਨ ਗੁਰਬਾਣੀ ਵਾਲੇ ਪਤਰਿਆਂ ਦਾ ਨਿਰਾਦਰ ਕਰਨਾ ਬੇਹਦ ਅਫਸੋਸਨਾਕ ਤੇ ਨਿੰਦਣਯੋਗ ਕਾਰਵਾਈ ਹੈ ਤੇ ਪਾਵਨ ਗੁਰਬਾਣੀ ਦਾ ਜਾਣ-ਬੁੱਝ ਕੇ ਨਿਰਾਦਰ ਕਰਨ ਵਾਲਿਆਂ ਦਾ ਕਿਤੇ ਵੀ ਭਲਾ ਨਹੀਂ ਹੋਵੇਗਾ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਕੁਝ ਬੇਸਮਝ ਲੋਕ ਮਨੁੱਖਤਾ ਲਈ ਰਾਹ ਦਸੇਰਾ ਪਾਵਨ ਬਾਣੀ ਦਾ ਨਿਰਾਦਰ ਕਰ ਰਹੇ ਹਨ।ਉਨ੍ਹਾਂ ਨੂੰ ਸ਼ਾਇਦ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ।ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਆਪਣੇ ਨਿਜੀ ਮੁਫਾਦ ਖਾਤਰ ਇਹ ਘਿਨੌਣੀ ਹਰਕਤ ਕੀਤੀ ਜਾਂ ਕਰ ਰਹੇ ਹਨ ਉਨ੍ਹਾਂ ਦਾ ਕਿਤੇ ਵੀ ਭਲਾ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਪਾਵਨ ਬਾਣੀ ਦੇ ਅੰਗ (ਪਤਰੇ) ਪਾੜ ਕੇ ਜਿਥੇ ਬਾਣੀ ਦਾ ਨਿਰਾਦਰ ਕੀਤਾ ਜਾ ਰਿਹਾ ਹੈ, ਉਥੇ ਸਾਜਿਸ਼ ਤਹਿਤ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ।ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਗੁਰੂ-ਘਰਾਂ ਵਿੱਚ ਪਹਿਰੇਦਾਰੀ ਵਧਾਉਣ ਤੇ ਮਾੜੇ ਅਨਸਰਾਂ ‘ਤੇ ਨਿਗਾਹ ਰੱਖਣ।