ਅੰਮ੍ਰਿਤਸਰ : 17 ਅਗਸਤ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਈਆ ਵਿਖੇ ਤਜਿੰਦਰਪਾਲ ਸਿੰਘ ਉਰਫ ਬੋਨੂੰ ਪੁੱਤਰ ਦਰਸ਼ਨ ਸਿੰਘ ਵੱਲੋਂ ਘਰ ‘ਚ ਮੌਜੂਦ ਧਾਰਮਿਕ ਪੋਥੀਆਂ ਤੇ ਗੁਰਬਾਣੀ ਦੇ ਗੁਟਕੇ ਅਗਨ ਭੇਟ ਕਰਨ ਤੇ ਇਸ ਨੂੰ ਮੰਦ ਭਾਗੀ ਘਟਨਾ ਦੱਸਦਿਆਂ ਪ੍ਰਸ਼ਾਸਨ ਨੂੰ ਜੋਰ ਦੇ ਕੇ ਕਿਹਾ ਹੈ ਕਿ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਬਾਰੇ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਆਦੇਸ਼ ਜਾਰੀ ਕਰਦਿਆਂ ਪੜਤਾਲ ਕਰਨ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਸ਼ਾਸਨ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ  ਪੜਤਾਲ ਉਪਰੰਤ ਦੋਸ਼ੀ ਪਾਏ ਜਾਣ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਏ ਦਿਨ ਕਿਸੇ ਨਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਦੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕਰ ਦਿੱਤੇ ਜਾਂਦੇ ਹਨ ਤੇ ਕੋਈ ਧਾਰਮਿਕ ਪੋਥੀਆਂ ਤੇ ਗੁਰਬਾਣੀ ਦੇ ਗੁਟਕੇ ਸਾਹਿਬ ਅਗਨ ਭੇਟ ਕਰ ਦੇਂਦਾ ਹੈ, ਜੋ ਉਚਿੱਤ ਨਹੀਂ ਹੈ।