ਅੰਮ੍ਰਿਤਸਰ 4 ਨਵੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਗੇ ਦੇ ਪਿੰਡ ਮੱਲਕੇ ਵਿੱਚ ਪੰਥ ਦੋਖੀਆਂ ਤੇ ਅਮਨ ਸ਼ਾਂਤੀ ਦੇ ਦੁਸ਼ਮਣਾਂ ਵੱਲੋਂ ਗੁਰਬਾਣੀ ਦੀ ਪੋਥੀ ਦੇ ਪੱਤਰੇ ਖਿਲਾਰਨ ਦੀ ਘਟਨਾ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਿਆਂ ਨੂੰ ਪਾੜਨ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਜਿਸ ਨਾਲ ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚ ਰਹੀ ਹੈ। ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੰਵਿਧਾਨ ‘ਚ ਸੋਧ ਕਰ/ਕਰਵਾ ਕੇ ਸਖ਼ਤ ਕਾਨੂੰਨ ਬਣਾਇਆ ਜਾਵੇ।

ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਗੁਰੂ ਹਨ ਗੁਰਬਾਣੀ ਮਾਨਵਤਾ ਨੂੰ ਸਰਬੱਤ ਦੇ ਭਲੇ ਦਾ ਪੈਗਾਮ ਦਿੰਦੀ ਹੈ, ਪਰ ਪੰਥ ਦੋਖੀਆਂ ਵੱਲੋਂ ਵਾਰ-ਵਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਤੋਂ ਇਹ ਸਾਫ਼ ਜ਼ਾਹਰ ਹੈ ਕਿ ਇਹ ਦੇਸ਼ ‘ਚ ਅਸ਼ਾਂਤੀ ਫੈਲਾਉਣੀ ਤੇ ਭਾਈਚਾਰਕ ਸਾਂਝ ਨੂੰ ਤੋੜਣਾ ਚਾਹੰਦੇ ਹਨ। ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜੋ ਸਖਸ਼ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਹੈ ਉਹ ਕਾਇਰ ਤੇ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਹੈ ਜਿਸ ਦਾ ਕੋਈ ਦੀਨ-ਧਰਮ ਨਹੀਂ ਹੁੰਦਾ। ਇਸ ਲਈ ਸਰਕਾਰ ਇਹੋ ਜਿਹੇ ਘਿਨਾਉਣੇ ਜ਼ੁਰਮ ਲਈ ਅਜਿਹਾ ਸਖ਼ਤ ਕਾਨੂੰਨ ਬਣਾਏ ਜਿਸ ਨਾਲ ਪੰਥ ਦੋਖੀਆਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗੇ ਦੇ ਪਿੰਡ ਮੱਲਕੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਸਜ਼ਾ ਦਿੱਤੀ ਜਾਵੇ ਜਿਸ ਨਾਲ ਸਿੱਖਾਂ ਦੇ ਤਖਦੇ ਹਿਰਦਿਆਂ ਨੂੰ ਸ਼ਾਤੀ ਮਿਲ ਸਕੇ।