ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅੰਦਰ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਜੂਦ –ਪ੍ਰੋ. ਕਿਰਪਾਲ ਸਿੰਘ ਬਡੂੰਗਰ

ਧਾਰਮਿਕ ਪ੍ਰੰਪਰਾਵਾਂ, ਇਤਿਹਾਸ ਅਤੇ ਸਿਧਾਂਤਾਂ ਦਾ ਗਿਆਨ ਹੀ ਮਨੁੱਖ ਦੇ ਬਹੁਪੱਖੀ ਵਿਕਾਸ ਦਾ ਮੂਲ –ਪ੍ਰੋ. ਕਿਰਪਾਲ ਸਿੰਘ ਬਡੂੰਗਰ

ਮਾਛੀਵਾੜਾ ਸਾਹਿਬ, 14 ਜੁਲਾਈ (      ) – ਦਸਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਨਗਰ ਝਾੜ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੋਹਰੀ ਵਿਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਵਿਚ ਆਯੋਜਿਤ ਕੀਤੇ ਗਏ ਗੁਰਮਤਿ ਸਭਿਆਚਾਰਕ ਕੈਂਪ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਅਕਾਦਮਿਕ ਸਿੱਖਿਆ ਦਾ ਬੇਸ਼ੱਕ ਵੱਡਾ ਮਹੱਤਵ ਹੈ ਪਰ ਧਾਰਮਿਕ ਅਤੇ ਨੈਤਿਕ ਸਿੱਖਿਆ ਤੋਂ ਵਾਂਝੇ ਮਨੁੱਖ ਦੀ ਸ਼ਖਸੀਅਤ ਕਦੇ ਵੀ ਸੰਪੂਰਨ ਨਹੀਂ ਹੋ ਸਕਦੀ। ਉਨ੍ਹਾਂ ਆਖਿਆ ਕਿ ਆਪਣੀਆਂ ਧਾਰਮਿਕ ਪਰੰਪਰਾਵਾਂ, ਇਤਿਹਾਸ ਅਤੇ ਸਿਧਾਂਤਾਂ ਦਾ ਗਿਆਨ ਹੀ ਮਨੁੱਖ ਦੇ ਬਹੁਪੱਖੀ ਵਿਕਾਸ ਦਾ ਮੂਲ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਹਿਬ ਗਿਆਨ ਅਤੇ ਵਿਗਿਆਨ ਦਾ ਅਤੁੱਟ  ਭੰਡਾਰ ਹੈ ਅਤੇ ਇਸ ਦਾ ਉਪਦੇਸ਼ ਕਿਸੇ ਇੱਕ ਲਈ ਨਹੀਂ ਸਗੋਂ ਸਮੁੱਚੇ ਵਿਸ਼ਵ ਲਈ ਸਾਂਝਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ, ਲੋੜ ਕੇਵਲ ਇਸ ‘ਤੇ ਅਮਲ ਕਰਨ ਦੀ ਹੈ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦਿਆਂ ਅਤੇ ਸਿੱਖ ਕੌਮ ਦੇ ਹੋਰ ਨਾਇਕਾਂ ਦੀ ਉਦਹਾਰਣ ਦਿੰਦਿਆਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੇ ਵਿਰਸੇ ਤੋਂ ਸੇਧ ਪ੍ਰਾਪਤ ਕਰ ਕੇ ਗੁਰਮਤਿ ਸਭਿਆਚਾਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। 

ਇਸ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਰਸਮੀ ਤੌਰ ‘ਤੇ ਸਵਾਗਤ ਕਰਨ ਤੋਂ ਬਾਅਦ ਕਾਲਜ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਰਿਪੋਰਟ ਪੜ੍ਹੀ ਗਈ, ਜਿਸ ਵਿਚ ਉਨ੍ਹਾਂ ਨੇ ਕਾਲਜ ਦੀਆਂ ਵੱਖ ਵੱਖ ਖੇਤਰ ਵਿਚ ਕੀਤੀਆਂ ਗਈਆਂ ਪ੍ਰਪਾਤੀਆਂ ਦਾ ਖੁਲਾਸਾ ਕੀਤਾ। 

ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਕੀਤੀ ਗਈ, ਜਿਸ ਉਪਰੰਤ ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਵਿਦਿਆਰਥਣਾਂ ਵੱਲੋਂ ਢਾਡੀ ਕਲਾ ਦੀਆਂ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਇਸ ਦੇ ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਨੂੰ ਪੇਸ਼ ਕਰਦੀ ਹੋਈ ਕਲੀ, ਭਾਈ ਤਾਰੂ ਸਿੰਘ, ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੀ ਕੁਰਬਾਨੀ ਨੂੰ ਪੇਸ਼ ਕਰਦੀ ਹੋਈ ਕਵੀਸ਼ਰੀ, ਵਾਰ ਗਾਇਨ ਅਤੇ ਧਾਰਮਿਕ ਭਾਸ਼ਣ ਪੇਸ਼ ਕੀਤੇ ਗਏ । ਸਮਾਗਮ ਦੌਰਾਨ ਕਾਲਜ ਦੀ ਗੱਤਕਾ ਟੀਮ ਨੇ ਜੰਗਜੂ ਖੇਡ ਗੱਤਕੇ ਦਾ ਬਾਖੂਬੀ ਪ੍ਰਗਟਾਵਾ ਕੀਤਾ। 

ਇਸ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਾਲਜ ਦੇ ਵਿਕਾਸ ਲਈ ਵੀਹ ਲੱਖ ਰੁਪਏ ਦੀ ਸਹਾਇਤਾ ਦਾ ਚੈੱਕ ਪ੍ਰਿੰਸੀਪਲ ਨੂੰ ਸੌਪਿਆ ਅਤੇ ਕਾਲਜ ਦੀਆਂ ਸਮੁੱਚੀਆਂ ਪ੍ਰਾਪਤੀਆਂ ਲਈ ਪ੍ਰਿੰਸੀਪਲ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋ. ਬਡੂੰਗਰ ਵਲੋਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਈਆਂ ਗਈਆਂ ਧਾਰਮਿਕ ਪ੍ਰੀਖਿਆਵਾਂ ਵਿੱਚੋਂ ਅੱਵਲ ਆਈਆਂ ਵਿਦਿਆਰਥਣਾਂ ਦੇ ਨਾਲ-ਨਾਲ ਪੰਜਾਬ ਯੂਨੀਵਰਸਿਟੀ ਦੀ ਅਕਾਦਮਿਕ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਉਣ ਵਾਲੀਆਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਯੂਨੀਵਰਸਿਟੀ ਕਲਰ ਪ੍ਰਾਪਤ ਕਰਨ ਵਾਲੀਆਂ ਵਿਦਿਆਂਰਥਣਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਸੰਤਾ ਸਿੰਘ ਊਮੈਦਪੁਰ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ, ਪ੍ਰਮੁੱਖ ਸ਼ਖਸੀਅਤਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਸਟੇਜ ਦੀ ਸੇਵਾ ਡਾ. ਮਹੀਪਿੰਦਰ ਕੌਰ ਵੱਲੋਂ ਨਿਭਾਈ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਕਾਲਜ ਸਮੂਹ ਵਿਖੇ ਬੂਟੇ ਵੀ ਲਗਾਏ।

ਇਸ ਮੌਕੇ ਸ. ਗੁਰਚਰਨ ਸਿੰਘ ਗਰੇਵਾਲ ਅਤ੍ਰਿੰਗ ਕਮੇਟੀ ਮੈਂਬਰ, ਸ. ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਸ਼੍ਰੋਮਣੀ ਕਮੇਟੀ ਮੈਂਬਰ ਸ. ਅਵਤਾਰ ਸਿੰਘ ਰਿਆ, ਸ. ਰਵਿੰਦਰ  ਸਿੰਘ ਖਾਲਸਾ ਤੇ ਸ. ਹਰਜਤਿੰਦਰ ਸਿੰਘ ਬਾਜਵਾ, ਸ. ਕੁਲਵਿੰਦਰ ਸਿੰਘ ਰਮਦਾਸ ਮੀਤ ਸਕੱਤਰ ਮੀਡੀਆ ਸ਼੍ਰੋਮਣੀ ਕਮੇਟੀ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਸ. ਹਰਭਜਨ ਸਿੰਘ ਵਕਤਾ ਪਬਲੀਸਿਟੀ ਅਸਿਸਟੈਂਟ, ਸ. ਹਰਜਤਿੰਦਰ ਸਿੰਘ ਬਾਜਵਾ ਅਕਾਲੀ ਆਗੂ, ਸ. ਰਣਜੀਤ ਸਿੰਘ ਮੰਗਲੀ, ਸ. ਹਰਬੰਸ ਸਿੰਘ ਭਰਥਲਾ, ਸ. ਚਰਨਜੀਤ ਸਿੰਘ ਗਿੱਲ ਪ੍ਰਧਾਨ ਨਗਰ ਕੌਸਲ ਮਾਛੀਵਾੜਾ ਸਾਹਿਬ, ਮਾਸਟਰ ਉਜਾਗਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਸਲ ਮਾਛੀਵਾੜਾ ਸਾਹਿਬ, ਸ. ਮਹਿੰਦਰ ਸਿੰਘ ਭੰਗਲਾਂ ਸਾਬਕਾ ਪ੍ਰਧਾਨ ਸਮਰਾਲਾ, ਚੇਅਰਮੈਨ ਅਮਰੀਕ ਸਿੰਘ ਹੇੜੀਆਂ, ਸ. ਦਵਿੰਦਰ ਸਿੰਘ  ਬਵੇਜਾ, ਪੰਡਿਤ ਗਿਆਨ ਪ੍ਰਕਾਸ਼, ਸਰਪੰਚ ਗੁਰਵਿੰਦਰ ਸਿੰਘ ਝਾੜ ਸਾਹਿਬ, ਸ. ਹਰਦੀਪ ਸਿੰਘ ਬਹਿਲੋਲਪੁਰ, ਸ. ਚਰਨਜੀਤ ਸਿੰਘ, ਸ. ਸਰਵਦਿਆਲ ਸਿੰਘ ਮੈਨੇਜਰ ਗੁ. ਮਾਛੀਵਾੜਾ ਸਾਹਿਬ, ਸ. ਗੁਰਦੀਪ ਸਿੰਘ ਕੰਗ ਮੈਨੇਜਰ ਗੁ. ਸ੍ਰੀ ਫਤਿਹਗੜ੍ਹ ਸਾਹਿਬ,  ਸ. ਸੁਖਦੇਵ ਸਿੰਘ ਮੈਨੇਜਰ ਗੁ. ਰਾਣਵਾਂ, ਸ. ਜਸਵਿੰਦਰ ਸਿੰਘ ਮੈਨੇਜਰ ਗੁ. ਚਮਕੌਰ ਸਾਹਿਬ, ਸ. ਜਸਮੇਲ  ਸਿੰਘ ਬੌਂਦਲੀ ਖੁਰਦ, ਸ. ਇਕਬਾਲ ਸਿੰਘ ਨੰਬੜਦਾਰ ਬਰਵਾਲੀ ਖੁਰਦ, ਸ. ਚਰਨਜੀਤ ਸਿੰਘ  ਮੈਨੇਜਰ ਗੁ. ਰੇਰੂ ਸਾਹਿਬ, ਸ. ਗੁਸੇਵਕ ਸਿੰਘ ਮੈਨੇਜਰ ਗੁ. ਕਟਾਣਾ ਸਾਹਿਬ, ਸ. ਬਲਦੇਵ ਸਿੰਘ ਬਰਵਾਲੀ, ਸ. ਸਿਕੰਦਰ ਸਿੰਘ ਗੁਰਦੁਆਰਾ ਇੰਸਪੈਕਟਰ, ਡਾ. ਤਜਿੰਦਰ  ਸਿੰਘ, ਸ. ਲਖਵੀਰ  ਸਿੰਘ  ਬਲਾਲਾ, ਸ. ਜਗਪਾਲ ਸਿੰਘ ਪੂੰਨੀਆਂ, ਸ. ਕਰਮਜੀਤ ਸਿੰਘ ਸਰਪੰਚ ਹੇੜੀਆਂ, ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਸਮੇਤ ਕਾਲਜ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।