ਪਹਿਲੇ ਪਾਤਸ਼ਾਹ ਦੇ ਇਤਿਹਾਸਿਕ ਅਸਥਾਨ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਦਾ ਸ਼ਲਾਘਾਯੋਗ ਉਪਰਾਲਾ –ਗਿਆਨੀ ਗੁਰਬਚਨ ਸਿੰਘ

ਕਾਰ ਸੇਵਾ ਦੌਰਾਨ ਇਤਿਹਾਸਿਕ ਤੇ ਪੁਰਾਤਨ ਨਿਸ਼ਾਨੀਆਂ ਹੂਬਹੂ ਕਾਇਮ ਰੱਖੀਆਂ ਜਾਣਗੀਆਂ –ਭਾਈ ਲੌਂਗੋਵਾਲ

ਡੇਰਾ ਬਾਬਾ ਨਾਨਕ, ੧੬ ਜੂਨ – ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਵੱਸੇ ਇਤਿਹਾਸਕ ਨਗਰ ਡੇਰਾ ਬਾਬਾ ਨਾਨਕ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ‘ਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਕਾਰ-ਸੇਵਾ ਅੱਜ ਸਿੱਖ ਪ੍ਰੰਪਰਾਵਾਂ ਅਨੁਸਾਰ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਸੌਂਪੀ ਗਈ ਇਸ ਸੇਵਾ ਦੀ ਆਰੰਭਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲੇ ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਪੰਜ ਸਿੰਘਾਂ ਦੇ ਰੂਪ ਵਿਚ ਟੱਕ ਲਗਾ ਕੇ ਕੀਤੀ ਗਈ ਅਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਸੁਖਦੇਵ ਸਿੰਘ ਬੇਦੀ, ਬਾਬਾ ਹਰਭਜਨ ਸਿੰਘ ਭਲਵਾਨ, ਬਾਬਾ ਲੱਖਾ ਸਿੰਘ ਗਵਾਲੀਅਰ, ਬਾਬਾ ਬੁੱਧ ਸਿੰਘ ਨਿੱਕੇਘੁੰਮਣ, ਸ਼੍ਰੋਮਣੀ ਕਮੇਟੀ ਅੰਤ੍ਰਿੰਗ ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਸ. ਸੱਜਣ ਸਿੰਘ ਬੱਜੂਮਾਨ, ਸ. ਨਿਰਮਲ ਸਿੰਘ ਕਾਹਲੋਂ ਤੇ ਹਲਕੇ ਦੇ ਨੌਜਵਾਨ ਸਿੱਖ ਆਗੂ ਸ. ਸੁਖਵਿੰਦਰ ਸਿੰਘ ਅਗਵਾਨ ਨੇ ਵੀ ਕਾਰ ਸੇਵਾ ਵਿਚ ਹਿੱਸਾ ਲਿਆ। ਕਾਰ ਸੇਵਾ ਆਰੰਭ ਕਰਨ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਧਾਰਮਿਕ ਦੀਵਾਨ ਸਜਾਏ ਗਏ।

ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੨੦੧੯ ਵਿਚ ਆ ਰਹੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਇਸ ਇਤਿਹਾਸਕ ਅਸਥਾਨ ਦੀ ਕਾਰ ਸੇਵਾ ਦਾ ਉਪਰਾਲਾ ਪ੍ਰਸ਼ੰਸਾਯੋਗ ਹੈ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸੰਗਤਾਂ ਨੂੰ ਕਾਰ ਸੇਵਾ ਵਿਚ ਤਨ-ਮਨ-ਧਨ ਨਾਲ ਹਿੱਸਾ ਪਾਉਣ ਦੀ ਅਪੀਲ ਕੀਤੀ, ਤਾਂ ਜੋ ਕਾਰ ਸੇਵਾ ਸਮੇਂ ਸਿਰ ਮੁਕੰਮਲ ਹੋ ਸਕੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੀ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਚਰਨਾਂ ਦੀ ਛੋਹ ਪ੍ਰਾਪਤ ਹੈ ਅਤੇ ਇਥੇ ਗੁਰੂ ਸਾਹਿਬ ਨੇ ਹੱਥੀਂ ਕਿਰਤ ਕਰਕੇ ਮਨੁੱਖਤਾ ਨੂੰ ਮਾਰਗ ਦਰਸ਼ਨ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਯਾਦ ਵਿਚ ਸਥਾਪਿਤ ਅਸਥਾਨ ਦੀ ਕਾਰ ਸੇਵਾ ਗੁਰੂ ਸਾਹਿਬ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰ ਲਈ ਜਾਵੇਗੀ। ਭਾਈ ਲੌਂਗੋਵਾਲ ਨੇ ਕਿਹਾ ਕਿ ਕਾਰ-ਸੇਵਾ ਦੌਰਾਨ ਗੁਰੂ ਸਾਹਿਬ ਦੀ ਯਾਦ ਨਾਲ ਜੁੜੇ ਬਾਬਾ ਅਜਿੱਤਾ ਰੰਧਾਵਾ ਦੇ ਇਤਿਹਾਸਕ ਖੂਹ ਨੂੰ ਨਾ ਕੇਵਲ ਹੂਬਹੂ ਸੁਰੱਖਿਅਤ ਹੀ ਰੱਖਿਆ ਜਾਵੇਗਾ, ਸਗੋਂ ਇਸ ਨੂੰ ਸੰਗਤਾਂ ਦੇ ਖੁੱਲ੍ਹੇ ਦਰਸ਼ਨਾਂ ਲਈ ਹੋਰ ਵੀ ਬਿਹਤਰ ਢੰਗ ਨਾਲ ਸੰਭਾਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਸੁਸ਼ੋਭਿਤ ਪੁਰਾਤਨ ਪਾਲਕੀ ਸਾਹਿਬ ਨੂੰ ਵੀ ਸੁਰੱਖਿਅਤ ਰੱਖਿਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ ਗੁੰਬਦ ਨੂੰ ਵੀ ਉਸੇ ਤਰਜ਼ ‘ਤੇ ਹੀ ਸੰਭਾਲਣ ਦੀ ਵਚਨਬਧਤਾ ਦਾ ਵੀ ਪ੍ਰਗਟਾਵਾ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿਚ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅੱਜ ਬਹੁਤ ਸਾਰੀਆਂ ਪੰਥ ਵਿਰੋਧੀ ਸ਼ਕਤੀਆਂ ਪੰਥਕ ਪ੍ਰੰਪਰਾਵਾਂ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਨ੍ਹਾਂ ਤੋਂ ਸੁਚੇਤ ਰਹਿਣ ਲਈ ਕੌਮੀ ਇਕਜੁੱਟਤਾ ਦੀ ਵੱਡੀ ਲੋੜ ਹੈ। ਕਾਰ ਸੇਵਾ ਦੀ ਆਰੰਭਤਾ ਮੌਕੇ ਪੁੱਜੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਸੀਨੀਅਰ ਅਕਾਲੀ ਆਗੂ ਸ. ਨਿਰਮਲ ਸਿੰਘ ਕਾਹਲੋਂ ਨੇ ਧੰਨਵਾਦ ਕੀਤਾ।

ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸ. ਅਮਰੀਕ ਸਿੰਘ ਸ਼ਾਹਕਪੁਰ, ਧਰਮ ਪ੍ਰਚਾਰ ਕਮੇਟੀ ਮੈਂਬਰ ਸ. ਸੁਖਵਰਸ਼ ਸਿੰਘ ਪੰਨੂੰ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜੋਗਿੰਦਰ ਕੌਰ, ਸ. ਕੁਲਦੀਪ ਸਿੰਘ ਖੇੜਾ, ਬਾਬਾ ਸੁਖਵਿੰਦਰ ਸਿੰਘ ਮਲਿਕਪੁਰ, ਜਥੇਦਾਰ ਬਖ਼ਸ਼ੀਸ਼ ਸਿੰਘ ਧਾਰੋਵਾਲੀ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਮਾਤਾ ਪਿਆਰ ਕੌਰ, ਬਾਬਾ ਜੋਗਿੰਦਰ ਸਿੰਘ ਖੰਡਆਲੇ ਵਾਲੇ, ਸ. ਬਲਵਿੰਦਰ ਸਿੰਘ ਹਰੂਵਾਲ, ਸ. ਇੰਦਰਜੀਤ ਸਿੰਘ ਰੰਧਾਵਾ, ਸ. ਬਲਜੀਤ ਸਿੰਘ ਸਟੱਡੀ ਸਰਕਲ, ਸ. ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਗੁਰਦੇਵ ਸਿੰਘ ਮਾਨ ਮੈਨੇਜਰ, ਸ. ਹਰਜਿੰਦਰ ਸਿੰਘ ਰਮਦਾਸ, ਸ. ਗੁਰਬਖ਼ਸ਼ ਸਿੰਘ ਤੇਜਾ ਕਲਾਂ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਦਰਸ਼ਨ ਸਿੰਘ ਲੌਂਗੋਵਾਲ, ਪੀ.ਏ., ਸ. ਨਿਸ਼ਾਨ ਸਿੰਘ ਬਾਠ ਸਾਹਿਬ, ਸ. ਰਣਜੀਤ ਸਿੰਘ ਕਲਿਆਣਪੁਰ ਸਮੇਤ ਸੰਗਤਾਂ ਹਾਜ਼ਰ ਸਨ।