ਅੰਮ੍ਰਿਤਸਰ, 20 ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੁੱਖਤਾ ਦੇ ਭਲੇ ਲਈ ਇਕ ਵਾਰ ਫਿਰ ਅੱਗੇ ਆਈ ਹੈ। ਘੱਗਰ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਪ੍ਰਭਾਵਿਤਾਂ ਦੀ ਸੇਵਾ ‘ਚ ਕਾਰਜਸ਼ੀਲ ਲੋਕਾਂ ਅਤੇ ਪਾਣੀ ਤੋਂ ਪ੍ਰਭਾਵਿਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਵਿਵਸਥਾ ਦੇ ਰੂਪ ਵਿਚ ਪਹਿਲ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਪਟਿਆਲਾ ਦੇ ਪਾਣੀ ਤੋਂ ਪ੍ਰਭਾਵਿਤ ਲੋਕਾਂ ਦੀ ਵੀ ਸਾਰ ਲਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸੇਵਾਵਾਂ ਆਰੰਭੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਘੱਗਰ ਦਰਿਆ ਦਾ ਟੁੱਟਿਆ ਹੋਇਆ ਬੰਨ੍ਹ ਮੁੜ ਸਥਾਪਤ ਕਰਨ ਲਈ ਯਤਨਸ਼ੀਲ ਲੋਕਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਧਮਧਾਨ ਸਾਹਿਬ ਅਤੇ ਗੁਰਦੁਆਰਾ ਮਕੋਰੜ ਸਾਹਿਬ ਤੋਂ ਲੰਗਰ ਸੇਵਾ ਦਿੱਤੀ ਜਾ ਰਹੀ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਾਣੀ ਤੋਂ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਰੱਖਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਧਮਧਾਨ ਸਾਹਿਬ ਦੇ ਸਟਾਫ਼ ਨੂੰ ਲੰਗਰ ਸੇਵਾ ਲਈ ਘੱਗਰ ਦਾ ਬੰਨ੍ਹ ਮੁੜ ਬੰਨ੍ਹਣ ਵਿਚ ਯਤਨ ਕਰ ਰਹੇ ਲੋਕਾਂ ਨੂੰ ਲੰਗਰ ਸੇਵਾ ਦੇਣ ਲਈ ਭੇਜਿਆ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਪਟਿਆਲਾ ਵਿਚ ਵੀ ਪਾਣੀ ਤੋਂ ਪ੍ਰਭਾਵਿਤ ਬਸਤੀਆਂ ਵਿਚ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਲੰਗਰ ਸੇਵਾ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਹਮੇਸ਼ਾਂ ਦੀ ਤਰ੍ਹਾਂ ਮਨੁੱਖੀ ਭਲਾਈ ਲਈ ਸੇਵਾ ਦੇ ਰਹੀ ਹੈ ਅਤੇ ਸਮਾਜ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹੇਗੀ।