ਉੱਤਰ ਪ੍ਰਦੇਸ਼ ’ਚ ਸਿੱਖ ਟਰੱਕ ਚਾਲਕ ਦੀ ਦਾਹੜੀ ਨੂੰ ਹੱਥ ਪਾਉਣ ਦਾ ਲਿਆ ਸਖ਼ਤ ਨੋਟਿਸ

ਜਮਸ਼ੇਦਪੁਰ ’ਚ ਸਿੱਖ ਵਿਦਿਆਰਥੀ ਨੂੰ ਪੱਗ ਬੰਨ੍ਹ ਕੇ ਕਲਾਸ ਵਿਚ ਬੈਠਣ ਤੋਂ ਰੋਕਣ ਦੀ ਵੀ ਕੀਤੀ ਨਿੰਦਾ

ਅੰਮ੍ਰਿਤਸਰ, 11 ਅਪ੍ਰੈਲ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉੱਤਰ ਪ੍ਰਦੇਸ਼ ਅੰਦਰ ਮੇਰਠ-ਕਰਨਾਲ ਹਾਈਵੇ ’ਤੇ ਸ਼ਾਮਲੀ ਨਜ਼ਦੀਕ ਸਥਾਨਕ ਪੁਲਿਸ ਵੱਲੋਂ ਇਕ ਸਿੱਖ ਨੌਜੁਆਨ ਟਰੱਕ ਚਾਲਕ ਦੀ ਦਾਹੜੀ ਨੂੰ ਹੱਥ ਪਾਉਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਬਿਆਨ ਵਿਚ ਭਾਈ ਲੌਂਗੋਵਾਲ ਨੇ ਆਖਿਆ ਕਿ ਸਿੱਖਾਂ ਨਾਲ ਅਜਿਹੀਆਂ ਵਧੀਕੀਆਂ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹਨ ਅਤੇ ਇਹ ਘੱਟਗਿਣਤੀਆਂ ਨੂੰ ਦਬਾਉਣ ਦਾ ਕੋਝਾ ਯਤਨ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਅਕਸਰ ਹੀ ਸਾਹਮਣੇ ਆ ਰਹੀਆਂ ਹਨ, ਜੋ ਆਪਣੇ ਹੀ ਦੇਸ਼ ਅੰਦਰ ਸਿੱਖਾਂ ਨਾਲ ਧੱਕਾ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਉਕਤ ਘਟਨਾ ਦੌਰਾਨ ਜੇਕਰ ਸਿੱਖ ਟਰੱਕ ਚਾਲਕ ਦੀ ਕੋਈ ਗਲਤੀ ਸੀ ਤਾਂ ਉਸ ਨੂੰ ਕਾਨੂੰਨ ਅਨੁਸਾਰ ਨਿਪਟਿਆ ਜਾਣਾ ਚਾਹੀਦਾ ਸੀ ਨਾ ਕਿ ਉਸ ਦੇ ਕੇਸਾਂ ਦੀ ਬੇਅਦਬੀ ਕਰਕੇ। ਇਹ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਕਾਰਵਾਈ ਹੈ, ਜਿਸ ਦੇ ਦੋਸ਼ੀਆਂ ਨੂੰ ਯੂ.ਪੀ. ਸਰਕਾਰ ਸਖ਼ਤ ਸਜ਼ਾ ਦੇਵੇ।
ਇਸੇ ਦੌਰਾਨ ਭਾਈ ਲੌਂਗੋਵਾਲ ਨੇ ਜਸਮਸ਼ੇਦਪੁਰ ਵਿਚ ਇਕ ਮਾਡਲ ਸਕੂਲ ਵੱਲੋਂ ਗਿਆਰ੍ਹਵੀਂ ਜਮਾਤ ਦੇ ਸਿੱਖ ਵਿਦਿਆਰਥੀ ਨੂੰ ਪੱਗ ਬੰਨ੍ਹ ਕੇ ਕਲਾਸ ਵਿਚ ਬੈਠਣ ਤੋਂ ਰੋਕਣ ਦੀ ਘਟਨਾ ਨੂੰ ਵੀ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਦੀ ਪਛਾਣ ਦਾ ਧਾਰਮਿਕ ਚਿੰਨ੍ਹ ਹੈ, ਜਿਸ ਨਾਲ ਕਿਸੇ ਨੂੰ ਕੋਈ ਖ਼ਤਰਾ ਨਹੀਂ। ਇਸ ’ਤੇ ਪਾਬੰਦੀ ਲਗਾਉਣ ਵਾਲੇ ਜਾਣਬੁਝ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਾਈ ਲੌਂਗੋਵਾਲ ਨੇ ਇਸ ਘਟਨਾ ਸਬੰਧੀ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਸਿੱਖਾਂ ਨੂੰ ਦਬਾਉਣ ਵਾਲੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਭਾਰਤ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਉਤਰਪ੍ਰਦੇਸ਼ ਅਤੇ ਝਾਰਖੰਡ ਦੀਆਂ ਸਰਕਾਰਾਂ ਨਾਲ ਰਾਬਤਾ ਵੀ ਬਣਾਇਆ ਜਾਵੇਗਾ।