ਜਗਨਨਾਥ ਪੁਰੀ ਤੋਂ ਗੁਰਦੁਆਰਾ ਦਾਤਣ ਸਾਹਿਬ ਕੱਟਕ ਤੱਕ ਸਜਾਇਆ ਵਿਸ਼ਾਲ ਨਗਰ ਕੀਰਤਨ

ਅੰਮ੍ਰਿਤਸਰ, ੧੯ ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਉਲੀ ਸਾਹਿਬ ਜਗਨਨਾਥ ਪੁਰੀ ਤੋਂ ਗੁਰਦੁਆਰਾ ਦਾਤਣ ਸਾਹਿਬ ਕੱਟਕ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਜਗਨਨਾਥ ਪੁਰੀ ਵਿਖੇ ਗੁਰੂ ਸਾਹਿਬ ਨੇ ਜਗਤ ਪ੍ਰਸਿੱਧ ਮਹਾਨ ਰਚਨਾ ਆਰਤੀ ਦਾ ਉਚਾਰਨ ਕੀਤਾ ਸੀ। ਇਥੇ ਗੁਰੂ ਸਾਹਿਬ ਜੀ ਦੀ ਯਾਦ ਵਿਚ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਸਥਿਤ ਹੈ, ਜਿਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਦੀ ਅਰੰਭਤਾ ਹੋਈ। ਇਸ ਮੌਕੇ ਖ਼ਾਸ ਗੱਲ ਇਹ ਰਹੀ ਕਿ ਉਚੇਚੇ ਤੌਰ ‘ਤੇ ਪੁੱਜੇ ਉੜੀਸਾ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਨੇ ਗੁਰੂ ਸਾਹਿਬ ਦੇ ਇਤਿਹਾਸਕ ਅਸਥਾਨ ਦੀ ਸੇਵਾ-ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ੁੰਮੇਵਾਰੀ ਸੌਂਪ ਦਿੱਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉੜੀਸਾ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ ਦੀ ਜ਼ੁੰਮੇਵਾਰੀ ਸ਼੍ਰੋਮਣੀ ਕਮੇਟੀ ਨੂੰ ਦੇਣ ਲਈ ਧੰਨਵਾਦ ਕੀਤਾ। ਭਾਈ ਲੌਂਗੋਵਾਲ ਨੇ ਇਸ ਮੌਕੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਥੇ ਗੁਰਦੁਆਰਾ ਸਾਹਿਬ ਦੀ ਖੂਬਸੂਰਤ ਇਮਾਰਤ ਉਸਾਰੀ ਜਾਵੇਗੀ। ਉਨ੍ਹਾਂ ਕਿਹਾ ਕਿ ਉੜੀਸਾ ਸਰਕਾਰ ਦੇ ਫੈਸਲੇ ਨਾਲ ਦੁਨੀਆਂ ਦੇ ਸਿੱਖਾਂ ਦੀ ਚਿਰਾਂ ਤੋਂ ਚੱਲ ਰਹੀ ਮੰਗ ਪੂਰੀ ਹੋਈ ਹੈ, ਜਿਸ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤ ਗੁਰੂ ਸਾਹਿਬ ਦੇ ਅਸਥਾਨ ਦੇ ਦਰਸ਼ਨ ਕਰ ਸਕੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਖ਼ੁਸ਼ਵਿੰਦਰ ਸਿੰਘ ਭਾਟੀਆ, ਮੈਂਬਰ ਸ. ਗੁਰਮੀਤ ਸਿੰਘ ਬੂਹ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂੰ, ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਮੀਤ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਸ. ਕਰਮਬੀਰ ਸਿੰਘ ਕਿਆਮਪੁਰ, ਸ੍ਰੀ ਪ੍ਰਦੀਪ ਮਹਾਪਾਤਰਾ ਆਈ.ਏ.ਐਸ. ਜਗਨਨਾਥ ਮੰਦਰ ਟਰੱਸਟ, ਸ੍ਰੀ ਬਿਜੈ ਸਾਹੂ ਚੇਅਰਮੈਨ ਜਗਨਨਾਥ ਮੰਦਰ ਟਰੱਸਟ, ਸ੍ਰੀ ਮਧੂਸੂਦਨ ਦਾਸ ਏ.ਡੀ.ਐਮ. ਜਗਨਨਾਥ ਮੰਦਰ ਟਰੱਸਟ, ਮਹੇਸ਼ਵਰ ਮਹੰਤੀ ਸੈਰ-ਸਪਾਟਾ ਮੰਤਰੀ ਉੜੀਸਾ, ਸ. ਜਗਮੋਹਨ ਸਿੰਘ ਗਿੱਲ ਇੰਚਾਰਜ ਸਿੱਖ ਮਿਸ਼ਨ ਕਲਕੱਤਾ, ਸ. ਦਿਲਸ਼ਾਹ ਸਿੰਘ ਅਨੰਦ ਦਾ ਵਿਸ਼ੇਸ਼ ਤੌਰ ‘ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਗੁਰਮੀਤ ਸਿੰਘ ਇੰਚਾਰਜ, ਸ. ਗੁਰਦੀਪ ਸਿੰਘ ਰੋੜਕਿਲ੍ਹਾ, ਸ. ਗੁਰਮੀਤ ਸਿੰਘ ਰੋੜਕਿਲ੍ਹਾ, ਸ. ਗੁਰਮੁੱਖ ਸਿੰਘ ਪ੍ਰਧਾਨ ਸੈਂਟਰਲ ਗੁਰਦੁਆਰਾ, ਸ. ਇੰਦਰਜੀਤ ਸਿੰਘ ਟਾਟਾ ਨਗਰ ਮੀਤ ਪ੍ਰਧਾਨ ਤਖ਼ਤ ਸ੍ਰੀ ਪਟਨਾ ਸਾਹਿਬ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਸ. ਰਾਜਿੰਦਰ ਸਿੰਘ ਚਾਹਲ, ਸ. ਜਤਿੰਦਰ ਸਿੰਘ ਖਲਕਪੁਰਾ, ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ, ਭਾਈ ਗੁਰਬਚਨ ਸਿੰਘ ਕਲਸੀਆਂ, ਭਾਈ ਮਨਮੀਤ ਸਿੰਘ ਪ੍ਰਚਾਰਕ, ਭਾਈ ਰਣਜੀਤ ਸਿੰਘ ਪ੍ਰਚਾਰਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।