ਨਿੱਜੀ ਹਿੱਤਾਂ ਖਾਤਿਰ ਕੂੜ ਪ੍ਰਚਾਰ ਕਰਨ ਵਾਲਿਆਂ ਤੋਂ ਸੁਚੇਤ ਰਹੇ ਸੰਗਤ

ਅੰਮ੍ਰਿਤਸਰ, 19 ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਉੜੀਸਾ ਦੇ ਜਗਨਨਾਥ ਪੁਰੀ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਅਸਥਾਨ ਬਿਲਕੁਲ ਸੁਰੱਖਿਅਤ ਹਨ ਅਤੇ ਇਸ ਦੇ ਨੁਕਸਾਨ ਸਬੰਧੀ ਕੀਤਾ ਜਾ ਰਿਹਾ ਪ੍ਰਚਾਰ ਗੁੰਮਰਾਹਕੁੰਨ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਇਹ ਪ੍ਰਤੀਕਿਰਿਆ ਸ਼੍ਰੋਮਣੀ ਕਮੇਟੀ ਵੱਲੋਂ ਉੜੀਸਾ ਭੇਜੇ ਗਏ ਵਫਦ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ‘ਤੇ ਕੀਤਾ ਹੈ। ਭਾਈ ਲੌਂਗੋਵਾਲ ਨੇ ਸਪੱਸ਼ਟ ਕੀਤਾ ਕਿ ਜਗਨਨਾਥ ਪੁਰੀ ਵਿਖੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਮੀਤ ਸਿੰਘ ਬੂਹ, ਸ. ਹਰਜਾਪ ਸਿੰਘ ਸੁਲਤਾਨਵਿੰਡ ਅਤੇ ਮੀਤ ਸਕੱਤਰ ਸ. ਸਕੱਤਰ ਸਿੰਘ ਸ਼ਾਮਲ ਹਨ, ਨੇ ਮੌਕੇ ‘ਤੇ ਜਾ ਕੇ ਹਾਲਾਤ ਜਾਣੇ ਹਨ। ਸਬ-ਕਮੇਟੀ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਵੀ ਗੁਰ-ਅਸਥਾਨ ਜਾਂ ਯਾਦਗਾਰ ਨੂੰ ਠਾਹਿਆ ਨਹੀਂ ਗਿਆ, ਸਗੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਇਨ੍ਹਾਂ ਦੇ ਆਲੇ-ਦੁਆਲੇ ਨੂੰ ਖੂਬਸੂਰਤ ਬਣਾਉਣ ਲਈ ਕਾਰਵਾਈ ਕੀਤੀ ਗਈ ਹੈ। ਭਾਈ ਲੌਂਗੋਵਾਲ ਅਨੁਸਾਰ ਸਥਾਨਕ ਪ੍ਰਸ਼ਾਸਨ ਨੇ ਸ਼੍ਰੋਮਣੀ ਕਮੇਟੀ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਵੀ ਇਤਿਹਾਸਕ ਅਸਥਾਨ ਨਾਲ ਛੇੜ-ਛਾੜ ਨਹੀਂ ਕੀਤੀ ਜਾਵੇਗੀ, ਸਗੋਂ ਇਸ ਦੀ ਸੁਰੱਖਿਆ ਲਈ ਹੋਰ ਵੀ ਪੁਖਤਾ ਇੰਤਜ਼ਾਮ ਕੀਤੇ ਜਾਣਗੇ। ਭਾਈ ਲੌਂਗੋਵਾਲ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਜਾਣਬੁਝ ਕੇ ਆਪਣੇ ਨਿੱੱਜੀ ਹਿੱਤਾਂ ਖਾਤਰ ਸਿੱਖ ਅਸਥਾਨਾਂ ਤੇ ਹੋਰ ਸਰੋਕਾਰਾਂ ਵਿਰੁੱਧ ਪ੍ਰਚਾਰ ਕਰ ਰਹੇ ਹਨ, ਜਿਨ੍ਹਾਂ ਤੋਂ ਸੰਗਤ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਜਿਹੇ ਲੋਕਾਂ ਨੂੰ ਸਖ਼ਤ ਤਾੜਨਾ ਕਰਦੀ ਹੈ ਕਿ ਆਪਣੀਆਂ ਗਰਜਾਂ ਖਾਤਿਰ ਅਜਿਹਾ ਕਰਨਾ ਬੰਦ ਕਰਨ, ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਜੋ ਅਸਲ ਅਸਥਾਨ ਜਗਨਨਾਥ ਪੁਰੀ ਵਿਖੇ ਸਥਿਤ ਹੈ, ਦੀ ਕਾਰਸੇਵਾ ਸਬੰਧੀ ਉੜੀਸਾ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੀ ਰਾਇ ਅਨੁਸਾਰ ਕਾਰਜ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਉੜੀਸਾ ਸਰਕਾਰ ਨਾਲ ਲਗਾਤਾਰ ਸੰਪਰਕ ਵਿਚ ਹੈ।