ਅੰਮ੍ਰਿਤਸਰ 17 ਦਸੰਬਰ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਕ ਬਿਆਨ ਵਿੱਚ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਨਿਊਯਾਰਕ ਵਿੱਚ ਸਥਿਤ ਇਕ ਸਟੋਰ ‘ਚ ਕੰਮ ਕਰਦੇ ਭਾਰਤੀ ਮੂਲ ਦੇ ਕਰਮਚਾਰੀ ‘ਤੇ ਅਣਪਛਾਤੇ ਵਿਅਕਤੀ ਵੱਲੋਂ ਅੱਤਵਾਦੀ ਕਹਿ ਕੇ ਗੋਲੀ ਚਲਾਉਣ ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ੯/੧੧ ਦੇ ਹਮਲੇ ਦੇ ਬਾਅਦ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਨਸਲੀ ਹਮਲੇ ਬਾਰ-ਬਾਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਿਊਯਾਰਕ ਵਿੱਚ ਇਕ ਅਮਰੀਕੀ ਸਿੱਖ ਨੂੰ ਕਾਰ ਚਾਲਕ ਨਬਾਲਗ ਵੱਲੋਂ ਅੱਤਵਾਦੀ ਕਹਿ ਕੇ ਕੁੱਟਮਾਰ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਕਦੇ ਕਿਸੇ ਸਿੱਖ ਨੂੰ ਅੱਤਵਾਦੀ ਕਹਿ ਕੇ ਜਨਤਕ ਥਾਵਾਂ ਵਿੱਚ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ, ਕਦੇ ਸਟੇਡੀਅਮ ਤੇ ਕਦੇ ਸਿਨੇਮਾ, ਸਕੂਲ, ਕਾਲਜ ਆਦਿ ਜਗ੍ਹਾਂ ਤੇ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਉਥੋਂ ਦੇ ਸਿੱਖ ਬਾਸ਼ਿੰਦਿਆਂ ਨੂੰ ਆਪਣੀ ਪਹਿਚਾਣ ਖੁਦ ਕਰਵਾਉਣੀ ਹੋਵੇਗੀ ਕਿ ਸਿੱਖ ਕੌਮ ਅੱਤਵਾਦੀ ਨਹੀਂ ਬਲਕਿ ਸਰਬੱਤ ਦਾ ਭਲਾ ਚਾਹੁਣ ਵਾਲੀ ਤੇ ਭਾਈਚਾਰਕ ਸਾਂਝ ਰੱਖਣ ਵਾਲੀ ਬਹਾਦਰ ਕੌਮ ਹੈ।ਉਨ੍ਹਾਂ ਵਿਦੇਸ਼ਾਂ ਵਿੱਚ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੋਸ਼ਲ ਮੀਡੀਏ ਤੇ ਪ੍ਰਿੰਟ ਮੀਡੀਏ ਤੇ ਹੋਰ ਸਾਧਨਾਂ ਰਾਹੀਂ ਅਜਿਹਾ ਤਰੀਕਾ ਅਪਨਾਉਣ ਜੋ ਉਥੋਂ ਦੇ ਬਾਸ਼ਿੰਦਿਆਂ ਨੂੰ ਸਿੱਖ ਪਹਿਚਾਣ ਦੀ ਸਮਝ ਆ ਸਕੇ।ਉਨ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀ ਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਮਰੀਕਾ ਦੀ ਸਰਕਾਰ ਨੂੰ ਜੋਰ ਦੇ ਕੇ ਇਸ ਮੰਦਭਾਗੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਲਈ ਕਹਿਣ।ਉਨ੍ਹਾਂ ਅਮਰੀਕਾ ਸਰਕਾਰ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਐਸੇ ਵਿਅਕਤੀ ਜੋ ਨਸਲੀ ਘਟਨਾਵਾਂ ਨੂੰ ਅੰਜ਼ਾਮ ਦੇ ਕੇ ਹਿੰਸਕ ਤੇ ਫਿਰਕੂ ਨਫ਼ਰਤ ਫੈਲਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਦੇਵੇ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਜੁਰਅਤ ਨਾ ਕਰੇ।