logoਅੰਮ੍ਰਿਤਸਰ : 11 ਜਨਵਰੀ (        )- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਇਕ ਗੁਰਦੁਆਰਾ ਸਾਹਿਬ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਆਪਸੀ ਖਹਿਬਾਜੀ ਕਾਰਣ ਗੁਰੂ ਘਰ ,ਚ ਕਥਾ ਸਰਵਣ ਕਰ ਰਹੀਆਂ ਸੰਗਤਾਂ ਉੱਪਰ ਹਮਲਾ ਕਰਨ ਅਤੇ ਉਨ੍ਹਾਂ ਦੀਆਂ ਅੱਖਾਂ ‘ਚ ਸਪਰੇਅ ਮਾਰਨ ਨੂੰ ਇਕ ਅਤਿਅੰਤ ਦੁਖਦਾਈ ਘਟਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਐਸੇ ਲੋਕ ਗੁਰੂ ਘਰ ਵਿੱਚ ਨਤਮਸਤਿਕ ਹੋਣ ਨਹੀਂ ਬਲਕਿ ਖੱਲਲ ਪਾਉਣ ਹੀ ਜਾਂਦੇ ਹਨ, ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿੱਚ ਚੌਧਰ ਦੀ ਭੁੱਖ ਕਾਰਣ ਐਸੇ ਲੋਕ ਆਪ ਤਾਂ ਕੁਝ ਕਰ ਨਹੀਂ ਸਕਦੇ ਪਰੰਤੂ ਗੁਰੂ ਘਰ ਦੇ ਪ੍ਰਬੰਧ ਵਿੱਚ ਦਖਲ ਅੰਦਾਜੀ ਕਰਕੇ ਤੇ ਗੁਰੂ ਜੱਸ ਸੁਨਣ ਆਈਆਂ ਸੰਗਤਾਂ ਨੂੰ ਪ੍ਰੇਸ਼ਾਨ ਕਰਕੇ ਬੇਗਾਨੇ ਦੇਸ਼ ਵਿੱਚ ਓਥੋਂ ਦੇ ਲੋਕਾਂ ਲਈ ਤਮਾਸ਼ਾ ਬਣਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਪੂਰੀ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁਕਦਾ ਹੈ ਤੇ ਦੂਸਰੇ ਮੁਲਕਾਂ ਵਿੱਚ ਇਸ ਦਾ ਬੜਾ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਅਮਰੀਕਾ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਾਂਤੀ ਤੇ ਸੰਜਮ ਨਾਲ ਕੰਮ ਲੈਂਦਿਆਂ ਇਸ ਮਸਲੇ ਦਾ ਤੁਰੰਤ ਕੋਈ ਹੱਲ ਕੱਢਣ ਤਾਂ ਜੋ ਗੁਰੂ ਘਰਾਂ ਵਿੱਚ ਸ਼ਾਂਤੀ ਬਹਾਲੀ ਦੇ ਨਾਲ-ਨਾਲ ਸਿੱਖ ਕੌਮ ਦਾ ਸਿਰ ਉੱਚਾ ਉੱਠ ਸਕੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚਲੇ ਗੁਰਦੁਆਰਾ ਸਾਹਿਬਾਨ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਅਤਿ ਦੁੱਖਦਾਈ ਤਾਂ ਹਨ ਹੀ ਨਾਲ ਹੀ ਆਮ ਲੋਕਾਂ ਲਈ ਚਰਚਾ ਦਾ ਵਿਸ਼ਾ ਵੀ ਬਣ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਵਿੱਚ ਸੇਵਾ ਸਿਮਰਨ ਦੀ ਥਾਂ ਇਸ ਤਰ੍ਹਾਂ ਦਾ ਵਰਤਾਰਾ ਮਾੜਾ ਹੈ।