ਮਾਮਲਾ ਜੁਰਾਬਾਂ ਤੇ ਜੁੱਤੀਆਂ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਦਾ

asinghਅੰਮ੍ਰਿਤਸਰ 7 ਫਰਵਰੀ (          ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਇਕ ਵੈਬਸਾਈਟ ਵੱਲੋਂ ਜੁਰਾਬਾਂ ਤੇ ਜੁੱਤੀਆਂ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ‘ਤੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਦਫਤਰ ਤੋਂ ਜਾਰੀ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਹਵਾਲਾ ਦਿੰਦਿਆ ਕਿਹਾ ਕਿ ਅਮਰੀਕੀ ਵੈਬਸਾਈਟ ਨੇ ਸਿੱਖਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜੁਰਾਬਾਂ ਤੇ ਜੁੱਤੀਆਂ ‘ਤੇ ਤਸਵੀਰ ਛਾਪ ਕੇ ਸਿੱਖ ਸਿਧਾਂਤਾਂ ਨਾਲ ਖਿਲਵਾੜ ਕੀਤਾ ਹੈ, ਜੋ ਉਚਿੱਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਤੇ ਇਸ ਨਾਲ ਕੇਵਲ ਸਿੱਖ ਧਰਮ ਹੀ ਨਹੀਂ ਬਲਕਿ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਵੈਬਸਾਈਟ ਵੱਲੋਂ ਕੀਤੀ ਗਈ ਇਸ ਘਿਨੌਣੀ ਹਰਕਤ ਨਾਲ ਦੇਸ਼ ਵਿਦੇਸ਼ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪੁੱਜੀ ਹੈ ਤੇ ਸਿੱਖ ਸਮੁਦਾਏ ਵਿਚ ਇਸ ਪ੍ਰਤੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਮਰੀਕੀ ਵੈਬਸਾਈਟ ਤੁਰੰਤ ਇਨ੍ਹਾਂ ਤਸਵੀਰਾਂ ਨੂੰ ਹਟਾਉਣ ਦੇ ਨਾਲ ਨਾਲ ਜੁਰਾਬਾਂ ਤੇ ਜੁੱਤੀਆਂ ਨੂੰ ਮਾਰਕੀਟ ‘ਚੋਂ ਹਟਾਏ ਤੇ ਆਪਣੇ ਦੁਆਰਾ ਕੀਤੀ ਗਈ ਇਸ ਸ਼ਰਮਨਾਕ ਹਰਕਤ ਦੀ ਪੂਰੇ ਵਿਸ਼ਵ ਦੇ ਸਿੱਖ ਸਮੁਦਾਏ ਤੋਂ ਮੁਆਫੀ ਮੰਗੇ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸ੍ਰੀ ਸੁਸ਼ਮਾ ਸਵਰਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦ ਤੋਂ ਜਲਦ ਅਮਰੀਕਾ ਦੀ ਓਬਾਮਾ ਸਰਕਾਰ ਨੂੰ ਪੂਰੀ ਸਥਿਤੀ ਨੂੰ ਜਾਣੂੰ ਕਰਵਾ ਕੇ ਅਮਰੀਕੀ ਵੈਬਸਾਈਟ ਤੋਂ ਇਨ੍ਹਾਂ ਤਸਵੀਰਾਂ ਨੂੰ ਹਟਾਉਣ ਲਈ ਤੇ ਜੁਰਾਬਾਂ ਤੇ ਜੁੱਤੀਆਂ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਮਾਲ ਨੂੰ ਜ਼ਬਤ ਕਰਵਾਉਣ ਲਈ ਕਹਿਣ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਵੀ ਕਹਿਣ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਜਾਂ ਕੰਪਨੀ ਐਸੀਆਂ ਬੇਹੂਦਾ ਹਰਕਤਾਂ ਨੂੰ ਅੰਜਾਮ ਨਾ ਦੇਵੇ।