7 ਅਪ੍ਰੈਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਰੱਖੀ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ਾਂ ਇਕੱਤਰਤਾ

ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਉਨ੍ਹਾਂ ਤੇ ਹੋ ਰਹੇ ਨਸਲੀ ਹਮਲਿਆਂ ਦਾ ਲੱਭਿਆ ਜਾਵੇਗਾ ਸਾਰਥਿਕ ਹੱਲ-ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ : 3 ਅਪ੍ਰੈਲ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ‘ਚ ਟੋਰਾਂਟੋ ਏਰੀਆ ਨਿਵਾਸੀ ਸੁਪਨਿੰਦਰ ਸਿੰਘ ਖਹਿਰਾ ਤੇ ਕਿਊਬਿਕ ਸਿਟੀ ‘ਚ ਤਿੰਨ ਨੌਜਵਾਨਾ ਵੱਲੋਂ ਨਸਲੀ ਹਮਲਾ ਕਰਨ ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਅਫ਼ਸੋਸ ਜਾਹਿਰ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਉਨ੍ਹਾਂ ਜਥੇਦਾਰ ਅਵਤਾਰ ਸਿੰਘ ਵੱਲੋਂ ਹਵਾਲਾ ਦੇਂਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਨਸਲੀ ਹਮਲੇ ਸਿੱਖਾਂ ਤੇ ਪਹਿਲਾਂ ਵੀ ਕਈ ਵਾਰ ਹੋ ਚੁੱਕੇ ਹਨ ਜੋ ਅਜੇ ਤੱਕ ਠੱਲ੍ਹਣ ਦਾ ਨਾਮ ਹੀ ਨਹੀਂ ਲੈਂਦੇ ਜੋ ਅਤਿਅੰਤ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ਇਹ ਨਫ਼ਰਤੀ ਹਿੰਸਾ ਹੈ ਤੇ ਜੇ ਇਸ ਨੂੰ ਰੋਕਣ ਦੇ ਯਤਨ ਨਾ ਕੀਤੇ ਗਏ ਤਾਂ ਇਸ ਦੇ ਭਿਆਨਕ ਸਿੱਟੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਹਮਲਾਵਰਾਂ ਵੱਲੋਂ ਸ੍ਰ: ਖਹਿਰਾ ਨੂੰ ਅੰਗਰੇਜ਼ੀ ਅਤੇ ਫਰੈਂਚ ਵਿੱਚ ਇਤਰਾਜ ਯੋਗ ਟਿੱਪਣੀਆਂ ਕਰਕੇ ਉਨ੍ਹਾਂ ਤੇ ਹਮਲਾ ਕਰਕੇ ਠੁੱਡੇ ਮਾਰੇ ਗਏ ਅਤੇ ਉਨ੍ਹਾਂ ਦੀ ਦਸਤਾਰ ਉਤਾਰ ਦਿੱਤੀ ਗਈ, ਜੋ ਉਚਿੱਤ ਨਹੀਂ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਅਮਰੀਕਾ ਵੱਲੋਂ ਦਸਤਾਰ ਨੂੰ ਮਾਣ ਬਖਸ਼ਦੇ ਹੋਏ ਸਿੱਖ ਕੈਪਟਨ ਸ੍ਰ: ਸਿਮਰਤਪਾਲ ਸਿੰਘ ਨੂੰ ਦਾੜ੍ਹੀ ਰੱਖਣ ਤੇ ਦਸਤਾਰ ਸਜਾ ਕੇ ਕੰਮ ਤੇ ਆਉਣ ਦੀ ਆਗਿਆ ਦੇ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਤੇ ਦੂਸਰੇ ਪਾਸੇ ਕੈਨੇਡਾ ਵਿੱਚ ਸਿੱਖ ਦੀ ਹੀ ਦਸਤਾਰ ਰੋਲ ਕੇ ਉਸ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਦੀ ਸ਼ਾਨ ਦਾ ਪ੍ਰਤੀਕ ਹੈ ਤੇ ਇਸ ਤਰ੍ਹਾਂ ਕਰਨ ਨਾਲ ਪੂਰੇ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।

ਖਾਸਕਰ ਕੈਨੇਡਾ ਵਰਗੇ ਸੱਭਿਆ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਅਸੱਭਿਅਤ ਹਰਕਤਾਂ ਕਰਨਾ ਬਹੁਤ ਹੀ ਸ਼ਰਮਨਾਕ ਤੇ ਮੰਦਭਾਗੀ ਗੱਲ ਹੈ। ਉਨ੍ਹਾਂ ਕੈਨੇਡਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੋਸ਼ੀ ਪਾਏ ਜਾਣ ਤੇ ਹਮਲਾਵਰਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦੇਵੇ ਤਾਂ ਜੋ ਅੱਗੇ ਤੋਂ ਕੋਈ ਵਿਅਕਤੀ ਕਿਸੇ ਸਿੱਖ ਦੀ ਦਸਤਾਰ ਨੂੰ ਹੱਥ ਪਾਉਣ ਦੀ ਜੁਰਅਤ ਨਾ ਕਰੇ।

ਸ੍ਰ: ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਵਿਦੇਸ਼ਾਂ ਵਿੱਚ ਆਏ ਦਿਨ ਵਾਪਰ ਰਹੀਆਂ ਇਸ ਤਰ੍ਹਾਂ ਦੀਆਂ ਨਸਲੀ ਘਟਨਾਵਾਂ ਤੇ ਸਿੱਖਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦੇ ਸਰਲੀਕਰਨ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ੭ ਅਪ੍ਰੈਲ ਨੂੰ ੧੧ ਵਜੇ ਦੁਪਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸਮੂਹ ਧਾਰਮਿਕ ਸਿੱਖ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਰੱਖੀ ਹੈ ਤੇ ਉਨ੍ਹਾਂ ਸਮੁੱਚੀਆਂ ਜਥੇਬੰਦੀਆਂ ਨੂੰ ਇਸ ਦਿਨ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਵਿਚਾਰ ਵਟਾਂਦਰੇ ਉਪਰੰਤ ਇਸ ਦਾ ਕੋਈ ਸਾਰਥਿਕ ਹੱਲ ਲੱਭਿਆ ਜਾ ਸਕੇ।