ਅੰਮ੍ਰਿਤਸਰ 1 ਮਈ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬ੍ਰਾਹਮਣ ਸਭਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਸਰਾਂ ‘ਤੇ ਜਬਰੀ ਕਬਜਾ ਕਰਨ ਤੇ ਸਖ਼ਤ ਸ਼ਬਦਾਂ ਵਿੱਚ ਵਿਰੋਧਤਾ ਕੀਤੀ ਹੈ।
ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਸਰਾਂ ਦੇ ਸੇਵਾਦਾਰ ਭਾਈ ਸ਼ਾਦੀ ਸਿੰਘ ਨਾਲ ਬ੍ਰਾਹਮਣ ਸਭਾ ਵੱਲੋਂ ਕੁੱਟਮਾਰ ਕਰਕੇ, ਉਸ ਦਾ ਸਮਾਨ ਜਬਰੀ ਬਾਹਰ ਸੁੱਟ ਕੇ ਸਰਾਂ ਉੱਤੇ ਕਬਜਾ ਕਰ ਲੈਣਾ ਅਤਿ ਨਿੰਦਣਯੋਗ ਅਤੇ ਘਿਨਾਉਣੀ ਕਾਰਵਾਈ ਹੈ।ਉਨ੍ਹਾਂ ਡੀ ਜੀ ਪੀ ਜੰਮੂ-ਕਸ਼ਮੀਰ ਅਤੇ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਜਨਾਬ ਜਾਵੇਦ ਖਾਂ ਨਾਲ ਟੈਲੀਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਗੁਰਦੁਆਰਾ ਸਾਹਿਬ ਦੇ ਝਗੜੇ ਦਾ ਕੇਸ ਮਾਣਯੋਗ ਅਦਾਲਤ ਵਿੱਚ ਚੱਲ ਰਿਹਾ ਹੈ, ਪਰ ਬ੍ਰਾਹਮਣ ਸਭਾ ਵੱਲੋਂ ਅਦਾਲਤ ਵਿੱਚ ਕੇਸ ਚੱਲਣ ਦੇ ਬਾਵਜੂਦ ਜਬਰੀ ਕਬਜਾ ਕਰ ਲੈਣਾ ਮਾਣਯੋਗ ਅਦਾਲਤ ਦੀ ਸਰਾਸਰ ਤੌਹੀਨ ਹੈ।ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਹਾਲਾਤ ਕਿਸੇ ਸਮੇਂ ਵੀ ਵਿਗੜ ਸਕਦੇ ਹਨ।ਉਨ੍ਹਾਂ ਕਿਹਾ ਕਿ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਬ੍ਰਾਹਮਣ ਸਭਾ ਵੱਲੋਂ ਧੱਕੇ ਨਾਲ ਜਬਰੀ ਕਬਜਾ ਕੀਤੀ ਗਈ ਗੁਰਦੁਆਰਾ ਸਾਹਿਬ ਦੀ ਸਰਾਂ ਖਾਲੀ ਕਰਵਾ ਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤੀ ਜਾਵੇ ਤੇ ਦੋਸ਼ੀ ਅਨਸਰਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਵਾਈ ਜਾਵੇ।