ਅੰਮ੍ਰਿਤਸਰ 26 ਦਸੰਬਰ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ. ਦਿਲਜੀਤ ਸਿੰਘ ‘ਬੇਦੀ’ ਦੁਆਰਾ ਵੱਖ-ਵੱਖ ਸਿਰਕੱਢ ਪੰਜਾਬੀ ਲੇਖਕਾਂ ਨਾਲ ਕੀਤੀਆਂ ਗਈਆਂ ਮੁਲਾਕਾਤਾਂ ‘ਤੇ ਅਧਾਰਿਤ ਪੁਸਤਕ ‘ਅਦਬੀ ਮੁਲਾਕਾਤਾਂ’ ਦੀ ਲੋਕ ਅਰਪਣ ਰਸਮ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ. ਦਿਲਜੀਤ ਸਿੰਘ ‘ਬੇਦੀ’ ਨਿਰੰਤਰ ਲਿਖਣ ਵਾਲੇ ਲੇਖਕ ਹਨ ਅਤੇ ਉਨ੍ਹਾਂ ਦੀਆਂ ਪੁਸਤਕਾਂ ਦੀ ਸੂਚੀ ਲੰਮੀ ਹੈ। ਉਨ੍ਹਾਂ ਜਾਰੀ ਕੀਤੀ ਗਈ ਪੁਸਤਕ ਸਬੰਧੀ ਕਿਹਾ ਕਿ ਪੰਜਾਬੀ ਅਦਬ ਦੇ ਖੇਤਰ ਵਿਚ ਕਾਰਜਸ਼ੀਲ ਬੁਲੰਦ ਪੰਜਾਬੀ ਲੇਖਕਾਂ ਨਾਲ ਸ. ਬੇਦੀ ਵੱਲੋਂ ਕੀਤੀਆਂ ਗਈਆਂ ਮੁਲਾਕਾਤਾਂ ਜਿਥੇ ਸਬੰਧਤ ਲੇਖਕਾਂ ਦੇ ਜੀਵਨ ਤਜ਼ਰਬਿਆਂ ਨੂੰ ਰੂਪਮਾਨ ਕਰਦੀਆਂ ਹਨ, ਉਥੇ ਹੀ ਇਨ੍ਹਾਂ ਮੁਲਾਕਤਾਂ ਵਿਚੋਂ ਸਮਾਜ ਦੇ ਸਰੋਕਾਰਾਂ ਨਾਲ ਸਬੰਧਤ ਵਿਚਾਰ ਵੀ ਪ੍ਰਤੱਖ ਹੁੰਦੇ ਹਨ। ਸਮਾਜ ਅੰਦਰ ਫੈਲੇ ਦੂਸ਼ਿਤ ਵਰਤਾਰੇ ਨੂੰ ਅਦਬੀ ਚਿੰਤਨ ਸ਼ੈਲੀ ਵਿਚ ਵੱਖ-ਵੱਖ ਲੇਖਕਾਂ ਨੇ ਬੇਬਾਕੀ ਨਾਲ ਬਿਆਨਿਆ ਹੈ।

ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਅਤੇ ਇਹ ਸਮਾਜ ਦੀ ਅਸਲ ਤਸਵੀਰ ਆਪਣੀਆਂ ਲਿਖਤਾਂ ਰਾਹੀਂ ਪੇਸ਼ ਕਰਦੇ ਹਨ। ਸਮਾਜਿਕ ਵਰਤਾਰੇ ਨੂੰ ਨਿਹਾਰ ਕੇ ਉਸ ਨੂੰ ਯਾਦਗਾਰੀ ਲਿਖਤ ਵਜੋਂ ਸੁਰੱਖਿਅਤ ਕਰ ਦੇਣਾ ਹੀ ਲੇਖਕ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਅਤੇ ਸੰਸਕ੍ਰਿਤਕ ਨਜ਼ਰੀਏ ਤੋਂ ਲੇਖਕਾਂ ਦੇ ਵਿਚਾਰ ਹਥਲੀ ਪੁਸਤਕ ਵਿਚ ਸਾਹਮਣੇ ਆਉਂਦੇ ਹਨ, ਜਿਨ੍ਹਾਂ ਤੋਂ ਅਤੀਤ ਵਿਚਲੀ ਸੱਭਿਆਚਾਰਕ ਝਲਕ ਦੇ ਦਰਸ਼ਨ ਨੌਜੁਆਨੀ ਨੂੰ ਹੋਣਗੇ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਸਮਾਜਿਕ ਮੁਹਾਂਦਰੇ ਅਤੇ ਕਦਰਾਂ-ਕੀਮਤਾਂ ਨੂੰ ਲੱਗ ਰਹੇ ਖੋਰੇ ਬਾਰੇ ਵੀ ਸਵਾਲ-ਜੁਆਬ ਦੇ ਰੂਪ ਵਿਚ ਇਸ ਪੁਸਤਕ ਵਿਚੋਂ ਪਾਠਕਾਂ ਨੂੰ ਵਿਚਾਰ ਮਿਲਣਗੇ। ਉਨ੍ਹਾਂ ਇਸ ਮੌਕੇ ਅਜੋਕੀ ਨੌਜੁਆਨੀ ਦੇ ਸਾਹਿਤ ਤੋਂ ਟੁੱਟਣ ‘ਤੇ ਵੀ ਚਿੰਤਾ ਜ਼ਾਹਿਰ ਕਰਦਿਆਂ ਉੱਤਮ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਕੀਤੀ।

ਪੁਸਤਕ ਦੇ ਰਚੇਤਾ ਸ. ਦਿਲਜੀਤ ਸਿੰਘ ‘ਬੇਦੀ’ ਨੇ ਕਿਹਾ ਹੈ ਕਿ ਪੁਸਤਕ ਉਨ੍ਹਾਂ ਦੀ ਲੰਮੀ ਘਾਲਣਾ ਦਾ ਹਿੱਸਾ ਹੈ ਅਤੇ ਪੁਸਤਕ ਵਿਚ ਦਰਜ ਮੁਲਾਕਾਤਾਂ ਪਿਛਲੇ ਲੰਮੇ ਅਰਸੇ ਦੌਰਾਨ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੀ ਹੈ ਕਿ ਲੇਖਕ ਨੂੰ ਜ਼ਿਆਦਾਤਰ ਉਹ ਸਵਾਲ ਪੁੱਛੇ ਜਾਣ ਜਿਸ ਨਾਲ ਜਿਨ੍ਹਾਂ ਨਾਲ ਉਨ੍ਹਾਂ ਦੇ ਜੀਵਨ ਤਜ਼ਰਬੇ ਵਿਚੋਂ ਨਵੀਂ ਪੀੜ੍ਹੀ ਨੂੰ ਕੋਈ ਸੇਧ ਮਿਲ ਸਕੇ। ਸ. ਬੇਦੀ ਨੇ ਜਥੇਦਾਰ ਅਵਤਾਰ ਸਿੰਘ ਦਾ ਪੁਸਤਕ ਜਾਰੀ ਕਰਨ ਲਈ ਧੰਨਵਾਦ ਵੀ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਅਵਤਾਰ ਸਿੰਘ ਚੰਡੀਗੜ੍ਹ, ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰ ਵਿਦਿਆ ਡਾ. ਧਰਮਿੰਦਰ ਸਿੰਘ ਉੱਭਾ ਅਤੇ ਰੋਜ਼ਾਨਾ ਪੰਜਾਬ ਟਾਈਮਜ਼ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਵੀ ਹਾਜ਼ਰ ਸਨ।