Pardan Jiਅੰਮ੍ਰਿਤਸਰ 27 ਮਾਰਚ (           ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਿਵ ਸੈਨਿਕਾਂ ਵੱਲੋਂ ਸਿੱਖਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ, ਇੱਕ ਅੰਮ੍ਰਿਤਧਾਰੀ ਸਿੱਖ ਨੂੰ ਕੁੱਟਣ ਤੇ ਕੱਕਾਰਾਂ ਦੀ ਬੇਅਦਬੀ ਕਰਨ ਵਾਲੇ ਸ਼ਿਵ ਸੈਨਿਕ ਵਰਕਰਾਂ ਵਿਰੁੱਧ ਐਸ.ਐਸ.ਪੀ. ਨਵਾਂ ਸ਼ਹਿਰ ਨੂੰ ਸਖਤ ਰੋਸ ਜ਼ਾਹਿਰ ਕਰਦਿਆਂ ਕਾਰਵਾਈ ਕਰਨ ਲਈ ਕਿਹਾ ਹੈ। ਸ਼ਿਵ ਸੈਨਿਕਾਂ ਵੱਲੋਂ ਪੁਲਿਸ ਦੀ ਹਾਜ਼ਰੀ ਵਿਚ ਹੀ ਸਿੱਖਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਗਈ ਤੇ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਦੋ ਵਾਰ ਉਸੇ ਜਗ੍ਹਾ ਪੁਰ ਬੇਰਹਿਮੀ ਨਾਲ ਕੁੱਟਿਆ ਗਿਆ ਹੈ ਜੋ ਕਿ ਪੁਲਿਸ ਦੀ ਕਾਰਗੁਜ਼ਰੀ ਉਪਰ ਵੀ ਸਵਾਲ ਖੜ੍ਹੇ ਕਰਦਾ ਹੈ। ਇਹ ਸਭ ਕੁਝ ਤਿੰਨ ਜ਼ਿਲ੍ਹਿਆਂ ਦੇ ਐਸ.ਐਸ.ਪੀ. ਤੇ ਭਾਰੀ ਗਿਣਤੀ ‘ਚ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ‘ਚ ਹੋਣਾ ਅਤਿ ਨਿੰਦਣਯੋਗ ਹੈ ਕਿਉਂਕਿ ਕਿ ਉਨ੍ਹਾਂ ਵੱਲੋਂ ਮੌਕੇ ਪੁਰ ਕਿਸੇ ਵੀ ਸ਼ਿਵ ਸੈਨਿਕ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਸਮਾਜ ਭਲਾਈ ਦੇ ਕੰਮ ਕਰਦੀ ਹੈ। ਸਿੱਖਾਂ ਵੱਲੋਂ ਲਗਾਏ ਜਾਂਦੇ ਲੰਗਰ ਸੰਸਾਰ ਭਰ ਵਿਚ ਮਸ਼ਹੂਰ ਹਨ। ਦੇਸ਼ ‘ਤੇ ਆਉਂਦੀਆਂ ਔਕੜਾਂ ਸਮੇਂ ਸਿੱਖ ਹਮੇਸ਼ਾ ਲੋੜਵੰਦ ਲੋਕਾਂ ਲਈ ਲੰਗਰ ਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਲੋਕ ਇਸ ਸਰਬੱਤ ਦਾ ਭਲਾ ਮੰਗਣ ਵਾਲੀ ਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਪਹਿਲਕਦਮੀ ਕਰਨ ਵਾਲੀ ਸਿੱਖ ਕੌਮ ਖਿਲਾਫ ਸ਼ਰੇਆਮ ਭੱਦੀ ਸ਼ਬਦਾਵਲੀ ਵਰਤਦੇ ਹਨ ਉਹ ਲੋਕ ਗਿਰੀ ਜ਼ਮੀਰ ਵਾਲੇ ਹਨ ਜੋ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਨਹੀਂ ਰਹਿਣ ਦੇਣਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਐਸ.ਐਸ.ਪੀ. ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਦੋਸ਼ੀ ਸ਼ਿਵ ਸੈਨਿਕ ਵਰਕਰਾਂ ਖਿਲਾਫ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।