imagesਅੰਮ੍ਰਿਤਸਰ : ੨੬ ਅਪ੍ਰੈਲ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੇਪਾਲ ਵਿੱਚ ਆਏ ਭਿਆਨਕ ਭੂਚਾਲ ਕਾਰਣ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਜਾਇਜਾ ਲੈਣ ਲਈ ਸ੍ਰ: ਰਜਿੰਦਰ ਸਿੰਘ ਮਹਿਤਾ, ਸ੍ਰ: ਮੋਹਨ ਸਿੰਘ ਬੰਗੀਂ ਅੰਤ੍ਰਿੰਗ ਮੈਂਬਰ ਤੇ ਸ੍ਰ: ਸਤਬੀਰ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਜਿਸ ਦੇ ਕੋ-ਆਰਡੀਨੇਟਰ ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ ਮੀਤ ਸਕੱਤਰ ਹੋਣਗੇ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਹ ਕਮੇਟੀ ਅੱਜ ਮਿਤੀ ੨੭-੪-੨੦੧੫ ਨੂੰ ਨੇਪਾਲ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਤਿੰਨ ਮੈਂਬਰੀ ਕਮੇਟੀ ਨੇਪਾਲ ਵਿੱਚ ਆਈ ਕੁਦਰਤੀ ਆਫ਼ਤ ਕਾਰਣ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਜਾਇਜਾ ਲੈ ਕੇ ਆਵੇਗੀ ਤੇ ਇਸ ਉਪਰੰਤ ਕੋਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਵਿੱਚ ਆਉਂਦੀਆਂ ਕੁਦਰਤੀ ਆਫ਼ਤਾਂ ਸਮੇਂ ਸੰਗਤਾਂ ਦੇ ਸਹਿਯੋਗ ਸਦਕਾ ਬਿਨਾ ਕਿਸੇ ਭੇਦ ਭਾਵ ਦੇ ਮਦਦ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇਪਾਲ ਵਿੱਚ ਹੋਈ ਭਿਆਨਕ ਤਬਾਹੀ ਕਾਰਣ ਓਥੋਂ ਦੇ ਲੋਕਾਂ ਦੇ ਦੁੱਖ ਦੀ ਘੜੀ ਵਿੱਚ ਪੂਰੀ ਤਰ੍ਹਾਂ ਸ਼ਰੀਕ ਹੈ ਅਤੇ ਇਸ ਸੰਸਥਾ ਵੱਲੋਂ ਜੋ ਵੀ ਹੋ ਸਕਿਆ ਨੇਪਾਲ ਵਾਸੀਆਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਿਹਾ ਕਿ ਭਾਰਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੇ ਨੇਪਾਲ ਵਿੱਚ ਜਿਹੜੇ ਲੋਕ ਮਾਰੇ ਗਏ ਹਨ ਸਤਿਗੁਰੂ ਪਾਤਸ਼ਾਹ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਜਿਹੜੇ ਅਜੇ ਤੱਕ ਭੂਚਾਲ ਦੀ ਲਪੇਟ ਵਿੱਚ ਫਸੇ ਹੋਏ ਹਨ ਉਨ੍ਹਾਂ ਨੂੰ ਸਹੀ ਸਲਾਮਤ ਨਿਕਾਲਣ ਵਿੱਚ ਅੰਗ-ਸੰਗ ਸਹਾਈ ਹੋਣ।