ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕੀ ਕਮੇਟੀਆਂ ਸੇਵਾਦਾਰ ੨੪ ਘੰਟੇ ਪਹਿਰਾ ਦੇਣ-ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ 25 ਅਕਤੂਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਪਿੰਡ ਮਾਣਕੂ ਦੇ ਇਕ ਗੁਰਦੁਆਰੇ ਵਿੱਚ ਰਾਮਪੁਰ ਪਿੰਡ ਦੇ ਇਕ ਤਬਲਾ ਵਾਦਕ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਨ ਤੇ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੰਥ ਦੋਖੀ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜਨ ਤੋਂ ਬਾਅਦ ਪਿੰਡ ਵਾਸੀਆਂ ਨੂੰ ਫੋਨ ਕਰਕੇ ਆਪਣੀ ਕਰਤੂਤ ਦੱਸਦਿਆਂ ਸਿੱਖ ਕੌਮ ਨੂੰ ਸ਼ਰੇਆਮ ਲਲਕਾਰਿਆ ਹੈ ਜੋ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਇਸ ਪਾਪੀ ਨੂੰ ਫੜ੍ਹ ਕੇ ਪੁਲੀਸ ਹਵਾਲੇ ਕਰਨਾ ਇਕ ਸ਼ਲਾਘਾਯੋਗ ਉਪਰਾਲਾ ਹੈ, ਪਰ ਇਸ ਘਟਨਾ ਦਾ ਪਤਾ ਲੱਗਣ ਉਪਰੰਤ ਜਦ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ: ਪਰਮਜੀਤ ਸਿੰਘ ਰਾਏਪੁਰ ਘਟਨਾ ਵਾਲੀ ਥਾਂ ਤੇ ਪਹੁੰਚੇ ਤਾਂ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਤੇ ਉਹ ਪੰਥ ਦੋਖੀਆਂ ਨੂੰ ਸਜ਼ਾ ਦਿਵਾਉਣ ਵਿੱਚ ਹਰ ਹੀਲਾ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਦੁੱਖ ਸਿੱਖ ਸੰਗਤਾਂ ਨੂੰ ਹੈ ਓਨਾ ਦੁੱਖ ਸ਼੍ਰੋਮਣੀ ਕਮੇਟੀ ਦੇ ਹਰ ਨੁਮਾਇੰਦੇ ਨੂੰ ਵੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਗੁਰੂ ਹਨ ਤੇ ਉਨ੍ਹਾਂ ਦੀ ਨਿਰਾਦਰੀ ਹੋਣ ਤੇ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਰ ਕੋਈ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਘਟਨਾ ਸਥਾਨ ਤੇ ਆਉਂਦਾ ਹੈ ਤਾਂ ਉਸ ਦਾ ਸਾਥ ਦੇ ਕੇ ਸੰਗਤਾਂ ਨੂੰ ਪ੍ਰਸ਼ਾਸਨ ਕੋਲੋਂ ਤੁਰੰਤ ਕਾਰਵਾਈ ਕਰਵਾਉਣੀ ਚਾਹੀਦੀ ਹੈ ਨਾ ਕਿ ਭਰਾ ਮਾਰੂ ਜੰਗ ਛੇੜਕੇ ਆਪਣਿਆਂ ਨੂੰ ਹੀ ਜਲੀਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖਦਾਈ ਘਟਨਾ ਵਿੱਚ ਇਕਜੁੱਟਤਾ, ਏਕਤਾ, ਇਤਫਾਕ ਤੇ ਭਾਈਚਾਰਕ ਸਾਂਝ ਬਨਾਉਣਾ ਬਹੁਤ ਜ਼ਰੂਰੀ ਹੈ। ਜਥੇਦਾਰ ਅਵਤਾਰ ਸਿੰਘ ਨੇ ਪੰਜਾਬ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਨੂੰ ਦਿਨੋ ਦਿਨ ਵਧ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਚਿੰਤਾ ਜਾਹਿਰ ਕਰਦਿਆਂ ਦੂਰ-ਦੁਰਡੇ, ਇਕੱਲੇ-ਦੁਕੱਲੇ ਗੁਰਦੁਆਰਾ ਸਾਹਿਬਾਨ ਦੇ ਆਲੇ ਦੁਆਲੇ ਪੁਲੀਸ ਫੋਰਸ ਲਗਾਉਣ ਦੀ ਅਪੀਲ ਕਰਦਿਆਂ ਗੁਰੂ ਨਿੰਦਕਾਂ ਨੂੰ ਸਖਤ ਕਾਨੂੰਨ ਤਹਿਤ ਸਜਾਵਾਂ ਦੇਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਾਰ-ਬਾਰ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੇਵਾਦਾਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਗੁਰਦੁਆਰਾ ਸਾਹਿਬਾਨ ਨੂੰ ਇਕੱਲਿਆਂ ਬਿਲਕੁਲ ਨਾ ਛੱਡਣ ਤੇ ਓਥੇ ੨੪ ਘੰਟੇ ਪਹਿਰਾ ਦੇਣ ਪਰ ਉਨ੍ਹਾਂ ਦੇ ਅਵੇਸਲੇਪਣ ਕਾਰਣ ਵੀ ਐਸੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਸੀ ਸੀ ਟੀ ਵੀ ਕੈਮਰੇ ਲਗਾ ਕੇ ਇਸ ਦੀ ਸਕਿਉਰਿਟੀ ਵੱਲ ਉਚੇਚਾ ਧਿਆਨ ਦੇਣ ਤੇ ਜੋ ਪ੍ਰਬੰਧਕ ਕਮੇਟੀਆਂ ਇਹ ਕੈਮਰੇ ਖਰੀਦਣ ਦੇ ਅਸਮਰੱਥ ਹਨ ਉਹ ਸ਼੍ਰੋਮਣੀ ਕਮੇਟੀ ਕੋਲ ਪਹੁੰਚ ਕਰਕੇ ਇਹ ਕੈਮਰੇ ਲੈ ਸਕਦੇ ਹਨ।