3ਅੰਮ੍ਰਿਤਸਰ 31 ਦਸੰਬਰ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਨਿਗਾਹੀਆ ਜੀ ਖ਼ਾਲਸਾ ਪਬਲਿਕ ਸਕੂਲ ਫਾਰ ਡੈਫ ਆਲਮਗੀਰ, ਲੁਧਿਆਣਾ ਦਾ ਦੌਰਾ ਕੀਤਾ।ਉਨ੍ਹਾਂ ਉਥੇ ਸਕੂਲ ਦੇ ਡਾਇਰੈਕਟਰ ਸ੍ਰੀ ਪਦਮ ਪਾਸੀ ਅਤੇ ਅਧਿਆਪਕਾ ਸ੍ਰੀਮਤੀ ਸੁਨੀਤਾ ਨਈਅਰ ਨਾਲ ਨੰਨ੍ਹੇ-ਮੁੰਨੇ ਗੂੰਗੇ ਤੇ ਬੋਲੇ ਬੱਚਿਆਂ ਨੂੰ ਮਿਲ ਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਸਕੂਲ ਵੱਲੋਂ ਇਨ੍ਹਾਂ ਬੱਚਿਆਂ ਨੂੰ ਦਿੱਤੀ ਜਾ ਰਹੀ ਪੜ੍ਹਾਈ ਬਾਰੇ ਜਾਣਕਾਰੀ ਵੀ ਹਾਸਲ ਕੀਤੀ।
ਇਸ ਮੌਕੇ ਨੰਨ੍ਹੇ-ਮੁੰਨੇ ਬੱਚਿਆਂ ਨੇ ਜਥੇਦਾਰ ਅਵਤਾਰ ਸਿੰਘ ਨੂੰ ਨਵੇਂ ਸਾਲ ਦੀ ਆਮਦ ਤੇ ਦਿਲੀ ਮੁਬਾਰਕਬਾਦ ਦਿੱਤੀ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਨਸਾਨੀ ਕਦਰਾਂ-ਕੀਮਤਾਂ ਤੇ ਪਹਿਰਾ ਦੇਣ ਤੇ ਆਪਣੀ ਉਸਾਰੂ ਸੋਚ ਨੂੰ ਗੂੰਗੇ ਤੇ ਬੋਲੇ ਬੱਚਿਆਂ ਦੀ ਭਲਾਈ ਲਈ ਲਗਾਉਣਾ ਹੀ ਸੱਚੀ ਮਨੁੱਖਤਾ ਦੀ ਸੇਵਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਸ਼ਕਾਮ ਰੂਪ ਵਿੱਚ ਕੁਦਰਤੀ ਕਰੋਪੀ ਦੇ ਸ਼ਿਕਾਰ ਗੂੰਗੇ ਤੇ ਬੋਲੇ ਬੱਚਿਆਂ ਦੀ ਭਲਾਈ ਲਈ ਵਿਦਿਆ ਦੇਣ ਦਾ ਜੋ ਉਪਰਾਲਾ ਕਰ ਰਹੀ ਹੈ ਇਹ ਆਪਣੇ ਆਪ ਵਿੱਚ ਇਕ ਕੌਮੀ ਕਾਰਜ ਹੈ।ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਕੂਲ ਦੀ ਨਵੀਂ ਇਮਾਰਤ ਤਿਆਰ ਹੋ ਜਾਵੇਗੀ ਜਿਥੇ ਸਾਰੀਆਂ ਸੁੱਖ ਸਹੂਲਤਾਂ ਦੇ ਨਾਲ ਗੂੰਗੇ ਤੇ ਬੋਲੇ ਬੱਚਿਆਂ ਲਈ ਉੱਚ ਵਿਦਿਆ ਦਾ ਉਪਰਾਲਾ ਕੀਤਾ ਜਾਵੇਗਾ।
ਇਸ ਮੌਕੇ ਸ. ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ ਅਤੇ ਸ. ਗੁਰਿੰਦਰ ਸਿੰਘ ਨਿਜੀ ਸਹਾਇਕ ਆਦਿ ਮੌਜੂਦ ਸਨ।