ਅੰਮ੍ਰਿਤਸਰ : 6 ਅਗਸਤ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ਼ ‘ਚ ਹਰਦਾ ਨੇੜੇ ਕਾਮਾਇਨੀ ਤੇ ਜਨਤਾ ਐਕਪ੍ਰੈਸ ਰੇਲ ਗੱਡੀਆਂ ਦੇ ਪੱਟੜੀ ਤੋਂ ਉੱਤਰ ਜਾਣ ਕਾਰਣ ਵਾਪਰੇ ਦਰਦਨਾਕ ਹਾਦਸੇ ‘ਚ ਮਾਰੇ ਗਏ ਵਿਅਕਤੀਆਂ ਪ੍ਰਤੀ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਜ਼ਖਮੀ ਮੁਸਾਫਿਰਾਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਰੋਜ਼ਾਨਾ ਕੰਮਕਾਰਾ ਦੀ ਖਾਤਰ ਹਜ਼ਾਰਾਂ ਮੁਸਾਫਿਰ ਰੇਲ ਗੱਡੀਆਂ ਰਾਹੀਂ ਇਕ ਤੋਂ ਦੂਸਰੀ ਥਾਂ ਜਾਣ ਲਈ ਸਫਰ ਕਰਦੇ ਹਨ ਕਿਉਂਕਿ ਰੇਲ ਗੱਡੀਆਂ ਦਾ ਕਿਰਾਇਆ ਜਿਥੇ ਘੱਟ ਹੈ, ਉਥੇ ਆਮ ਸਵਾਰੀ ਨਾਲੋਂ ਰੇਲ ਦਾ ਸਫਰ ਸੁਰੱਖਿਅਤ ਵੀ ਸਮਝਿਆ ਜਾਂਦਾ ਹੈ, ਪ੍ਰੰਤੂ ਬਾਰਿਸ਼ ਦਾ ਮੌਸਮ ਹੋਣ ਕਰਕੇ ਰੇਲਵੇ ਲਾਈਨ ਹੇਠੋਂ ਜ਼ਮੀਨ ਖਿਸਕਣ ਕਰਕੇ ਵਾਪਰੇ ਇਸ ਦੁਖਦਾਈ ਹਾਦਸੇ ‘ਚ ਬਹੁਤ ਸਾਰੇ ਮੁਸਾਫਰ ਆਪਣੇ ਪਰਿਵਾਰਾਂ ਨਾਲੋਂ ਸਦਾ ਲਈ ਵਿਛੜ ਗਏ ਤੇ ਕੁਝ ਜ਼ਖਮੀ ਹੋਏ ਹਨ।ਉਨ੍ਹਾਂ ਕਿਹਾ ਕਿ ਜਿਹੜੇ ਮੁਸਾਫਿਰ ਇਸ ਹਾਦਸੇ ‘ਚ ਮਾਰੇ ਗਏ ਹਨ ਉਨ੍ਹਾਂ ਪ੍ਰਤੀ ਅਰਦਾਸ ਹੈ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਤੇ ਸੁਨੇਹੀਆਂ ਨੂੰ ਬਲ ਪ੍ਰਦਾਨ ਕਰਨ ਅਤੇ ਜਿਹੜੇ ਮੁਸਾਫਿਰ ਜ਼ਖਮੀ ਹੋਏ ਹਨ ਉਨ੍ਹਾਂ ਪ੍ਰਤੀ ਵੀ ਕਾਮਨਾ ਕਰਦੇ ਹਾਂ ਕਿ ਉਹ ਜਲਦੀ ਸਿਹਤਯਾਬ ਹੋ ਕੇ ਆਪਣੇ-ਆਪਣੇ ਪਰਿਵਾਰਾਂ ਵਿੱਚ ਵਿਚਰਨ।