ਸੈਂਸਰ ਬੋਰਡ ਪੰਜਾਬੀ ਫਿਲਮਾਂ ਨਾਲ ਕੀਤਾ ਜਾਂਦਾ ਵਿਤਕਰਾ ਬੰਦ ਕਰੇ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ : 3 ਅਪ੍ਰੈਲ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਸੈਂਸਰ ਬੋਰਡ ਵੱਲੋਂ ਪੰਜਾਬੀ ਤੇ ਇਤਿਹਾਸਕ ਫਿਲਮ ‘ਸਾਕਾ ਨਨਕਾਣਾ ਸਾਹਿਬ’ ਨੂੰ ਏ ਸਰਟੀਫਿਕੇਟ ਦੇਣ ਤੇ ਰੋਸ ਜਾਹਿਰ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਹਵਾਲਾ ਦੇਂਦਿਆਂ ਕਿਹਾ ਕਿ ਫਿਲਮ ਸੈਂਸਰ ਬੋਰਡ ਪੰਜਾਬੀ ਫਿਲਮਾਂ ਨਾਲ ਕੀਤਾ ਜਾਂਦਾ ਵਿਤਕਰਾ ਤੁਰੰਤ ਬੰਦ ਕਰੇ ਤੇ ‘ਸਾਕਾ ਨਨਕਾਣਾ ਸਾਹਿਬ’ ਵਰਗੀਆਂ ਪੰਜਾਬੀ ਇਤਿਹਾਸਕ ਫਿਲਮਾਂ ਦੇ ਵਿਕਾਸ ਲਈ ਸਹੀ ਰੋਲ ਅਦਾ ਕਰੇ। ਉਨ੍ਹਾਂ ਕਿਹਾ ਕਿ ਬਾਹੂਬਲੀ ਅਤੇ ਹੋਰ ਕਈ ਹਿੰਦੀ ਫਿਲਮਾਂ ਵਿੱਚ ਬਹੁਤ ਹੀ ਭਿਆਨਕ ਹਿੰਸਕ ਦ੍ਰਿਸ਼ ਫਿਲਮਾਏ ਗਏ ਹਨ, ਪਰ ਸੈਂਸਰ ਬੋਰਡ ਨੇ ਕਦੇ ਚੂੰ ਚੜੱਕ ਨਹੀਂ ਕੀਤੀ, ਪਰ ਅਫਸੋਸ ਕਿ ਜਦ ਪੰਜਾਬੀ ਇਤਿਹਾਸਕ ਫਿਲਮਾਂ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਦੇ ਰੀਲੀਜ਼ ਹੋਣ ‘ਚ ਫਿਲਮ ਸੈਂਸਰ ਬੋਰਡ ਵੱਲੋਂ ਕਈ ਤਰ੍ਹਾਂ ਦੇ ਬਖੇੜੇ ਖੜੇ ਕਰ ਦਿੱਤੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ‘ਸਾਕਾ ਨਾਨਕਾਣਾ ਸਾਹਿਬ’ ਫਿਲਮ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀ ਹੋਈ ਉਸ ਵੇਲੇ ਦੀਆਂ ਘਟਨਾਵਾਂ ਨੂੰ ਬਿਆਨ ਕਰਦੀ ਹੈ, ਜੋ ਇਕ ਹਕੀਕਤ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਰੀਲੀਜ ਹੋਣ ਤੇ ਸਮਾਜ ਤੇ ਕੋਈ ਮਾੜਾ ਅਸਰ ਨਹੀਂ ਪੈਣ ਵਾਲਾ ਬਲਕਿ ਆਉਣ ਵਾਲੀਆਂ ਨੌਜਵਾਨ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਤੋਂ ਜਾਣੂੰ ਹੋ ਕੇ ‘ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ’ ਦੀ ਲਾਸਾਨੀ ਕੁਰਬਾਨੀ ਬਾਰੇ ਜਾਣਕਾਰੀ ਮਿਲੇਗੀ ਤੇ ਉਹ ਇਤਿਹਾਸ ਦੀ ਇਸ ਅਮਿੱਟ ਯਾਦ ਨੂੰ ਆਪਣੇ ਅੰਦਰ ਸਮੋ ਸਕਣਗੇ। ਉਨ੍ਹਾਂ ਸੈਂਸਰ ਬੋਰਡ ਨੂੰ ਅਪੀਲ ਕਰਦਿਆਂ ਕਿਹਾ ਕਿ ਉੁਹ ਵਿਤਕਰੇ ਦੀ ਭਾਵਨਾ ਛੱਡ ਕੇ ਇਸ ਫਿਲਮ ਨੂੰ ਰਲੀਜ਼ ਕਰਨ ਵਿੱਚ ਆਪਣਾ ਸਹੀ ਰੋਲ ਅਦਾ ਕਰੇ।