ਮੈਨਜਰ ਸ੍ਰ: ਸੁਲੱਖਣ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੂਰੀ ਚੌਕਸੀ ਰੱਖਣ ਲਈ ਕੀਤੀਆਂ ਹਦਾਇਤਾਂ ਜਾਰੀ

SJS_7638ਅੰਮ੍ਰਿਤਸਰ ੧੪ ਜਨਵਰੀ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੁਰੱਖਿਆ ਦਸਤੇ ਦੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਜੱਬੋਵਾਲ ਨੂੰ ਡਿਊਟੀ ਦੌਰਾਨ ਗੋਲੀ ਲੱਗਣ ਤੇ ਮੰਦਭਾਗੀ ਘਟਨਾ ਦੱਸਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਕੀਤਾ। ਸ੍ਰ: ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਭਾਈ ਗੁਰਪ੍ਰੀਤ ਸਿੰਘ ਦੁੱਖ ਭੰਜਨੀ ਬੇਰੀ ਕੋਲ ਆਪਣੀ ਡਿਊਟੀ ਤੇ ਤਾਇਨਾਤ ਸੀ ਕਿ ਅਚਾਨਕ ਬਾਹਰੋਂ ਹਵਾਈ ਫਾਇਰ ਰਾਹੀਂ ਆਈ ਗੋਲੀ ਉਸਦੀ ਦਸਤਾਰ ‘ਚੋਂ ਲੰਘਦੀ ਹੋਈ ਛਾਤੀ ਦੇ ਖੱਬੇ ਪਾਸੇ ਜਾ ਲੱਗੀ। ਜਿਸ ਨਾਲ ਭਾਈ ਗੁਰਪ੍ਰੀਤ ਸਿੰਘ ਮਾਮੂਲੀ ਜਖ਼ਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਈ ਗੁਰਪ੍ਰੀਤ ਸਿੰਘ ਇਸ ਸਮੇਂ ਸ੍ਰੀ ਗੁਰੂ ਰਾਮਦਾਸ ਹਸਪਤਾਲ, ਨੇੜੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਐਮਰਜੈਂਸੀ ਵਾਰਡ ਵਿੱਚ ਦਾਖਲ ਹੈ ਤੇ ਉਸਦੀ ਹਾਲਤ ਬਿਲਕੁਲ ਸਥਿਰ ਹੈ। ਉਨ੍ਹਾਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਲੱਗਣ ਤੇ ਉਨ੍ਹਾਂ ਤੁਰੰਤ ਭਾਈ ਗੁਰਪ੍ਰੀਤ ਸਿੰਘ ਨੂੰ ਫੋਨ ਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰਾਂ ਨੂੰ ਭਾਈ ਗੁਰਪ੍ਰੀਤ ਸਿੰਘ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਣ ਲਈ ਕਿਹਾ। ਸ੍ਰ: ਬੇਦੀ ਨੇ ਦੱਸਿਆ ਕਿ ਮੌਕੇ ਤੇ ਹੀ ਮੇਰੇ ਸਮੇਤ ਭਾਈ ਗੁਰਪ੍ਰੀਤ ਸਿੰਘ ਦਾ ਹਾਲ ਚਾਲ ਪੁੱਛਣ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ: ਹਰਚਰਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ੍ਰ: ਸੁਲੱਖਣ ਸਿੰਘ, ਵਧੀਕ ਮੈਨੇਜਰ ਸ੍ਰ: ਲਖਬੀਰ ਸਿੰਘ ਤੇ ਸ੍ਰ: ਬਘੇਲ ਸਿੰਘ ਪਹੁੰਚੇ। ਸ੍ਰ: ਬੇਦੀ ਨੇ ਦੱਸਿਆ ਕਿ ਐਮਰਜੈਂਸੀ ਵਾਰਡ ਵਿੱਚ ਡਾ: ਬਰਜਿੰਦਰ ਸਿੰਘ ਦੇ ਨਾਲ ਹੋਰ ਡਾਕਟਰੀ ਸਟਾਫ ਭਾਈ ਗੁਰਪ੍ਰੀਤ ਸਿੰਘ ਦੇ ਇਲਾਜ ਵਿੱਚ ਲੱਗਾ ਹੋਇਆ ਹੈ।
ਸ੍ਰ: ਬੇਦੀ ਨੇ ਹੋਰ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਸਬੰਧੀ ਮੌਕੇ ਤੇ ਪਹੁੰਚ ਕੇ ਏਸੀਪੀ ਸ੍ਰ: ਅਮਨਦੀਪ ਸਿੰਘ, ਕੋਤਵਾਲੀ ਥਾਣੇ ਦੇ ਐਸ ਐਚ ਓ ਸ੍ਰ: ਲਖਵਿੰਦਰ ਸਿੰਘ ਕਲੇਰ ਤੇ ਸ੍ਰੀ ਦਰਬਾਰ ਸਾਹਿਬ ਦੀ ਗਲਿਆਰਾ ਚੌਂਕੀ ਦੇ ਇੰਚਾਰਜ਼ ਸ੍ਰ: ਭਗਵਾਨ  ਸਿੰਘ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੂਰੀ ਚੌਕਸੀ ਰੱਖਣ ਲਈ ਮੈਨੇਜਰ ਸ੍ਰ: ਸੁਲੱਖਣ ਸਿੰਘ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।ਉਨ੍ਹਾ ਕਿਹਾ ਕਿ ਸਚਖੰਡ ਸ੍ਰੀ ਹਰਿਮੰਦਰ  ਸਾਹਿਬ ਦਾ ਸਟਾਫ਼ ਤੇ ਪੁਲੀਸ ਵੱਲੋਂ ਇਸਦੇ ਅੰਦਰ ਤੇ ਚਾਰ ਚੁਫੇਰੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਾਲਾਤ ਪੂਰੀ ਤਰ੍ਹਾਂ ਸੁਖਾਵੇਂ ਤੇ ਸ਼ਾਂਤ ਹਨ ਤੇ ਦਰਸ਼ਨ ਕਰਨ ਵਾਲੀਆਂ ਸ਼ਰਧਾਲੂ ਸੰਗਤਾਂ ਅਸਾਨੀ ਨਾਲ ਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਭਾਵੇਂ ਇਹ ਗੋਲੀ ਡਿਊਟੀ ਤੇ ਤਾਇਨਾਤ ਸੇਵਾਦਾਰ ਨੂੰ ਬਾਹਰੋਂ ਅਚਾਨਕ ਆ ਕੇ ਲੱਗੀ ਹੈ ਪਰ ਫਿਰ ਵੀ ਇਸ ਦੀ ਪੂਰੀ ਤਰ੍ਹਾਂ ਛਾਣਬੀਨ ਕਰਕੇ ਦੋਸ਼ੀ ਦੀ ਭਾਲ ਕਰਕੇ ਉਸ ਉੱਪਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।