ਅੰਮ੍ਰਿਤਸਰ 30 ਜੂਨ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੁੱਖ ਸਕੱਤਰ ਸ੍ਰ: ਹਰਚਰਨ ਸਿੰਘ, ਡਾ: ਰੂਪ ਸਿੰਘ, ਸ੍ਰ: ਮਨਜੀਤ ਸਿੰਘ ਅਤੇ ਸ੍ਰ: ਅਵਤਾਰ ਸਿੰਘ ਸਕੱਤਰ ਤੇ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਸੰਤ ਜਸਵੀਰ ਸਿੰਘ ਜੀ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸੰਤ ਜਸਵੀਰ ਸਿੰਘ ਜੀ ਖਾਲਸਾ ਮੁੱਢ ਤੋਂ ਹੀ ਧਾਰਮਿਕ ਰੁਚੀ ਦੇ ਮਾਲਿਕ ਸਨ। ਉਨ੍ਹਾਂ ਧਰਮ ਪ੍ਰਚਾਰ ਨੂੰ ਆਪਣੇ ਜੀਵਨ ਦਾ ਮੂਲ ਉਦੇਸ਼ ਬਣਾਇਆ ਅਤੇ ਲੰਮੇ ਅਰਸੇ ਤੋਂ ਇਸ ਖੇਤਰ ਵਿੱਚ ਗੁਰੂ ਭਰੋਸੇ ਲੱਗੇ ਰਹੇ। ਉਨ੍ਹਾਂ ਕਿਹਾ ਕਿ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਸਵੀਰ ਸਿੰਘ ਨੇ 1 ਸਾਲ ਦੀ ਜ਼ੇਲ੍ਹ ਕੱਟੀ। ਉਨ੍ਹਾਂ ਕਿਹਾ ਕਿ ਸੰਤ ਜਸਵੀਰ ਸਿੰਘ ਨੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਜੋਂ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਤ ਜਸਵੀਰ ਸਿੰਘ ਨੇ ਧਰਮ ਪ੍ਰਚਾਰ ਦੀਆਂ ਸੇਵਾਵਾਂ ਕਰਦਿਆਂ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਵਾਲੇ ਬਣਾਇਆ। ਉਨ੍ਹਾਂ ਕਿਹਾ ਕਿ ਸੰਤ ਜਸਵੀਰ ਸਿੰਘ ਦੇ ਅਚਾਨਕ ਚਲਾਣਾ ਕਰ ਜਾਣ ਤੇ ਪੰਥ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਪਰ ਅਕਾਲ ਪੁਰਖ ਦਾ ਭਾਣਾ ਅਟੱਲ ਹੈ ਤੇ ਉਸ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ। ਉਨ੍ਹਾਂ ਕਿਹਾ ਮੇਰੀ ਅਰਦਾਸ ਹੈ ਕਿ ਸਤਿਗੁਰੂ ਪਾਤਸ਼ਾਹ ਸੰਤ ਜਸਵੀਰ ਸਿੰਘ ਦੀ ਵਿੱਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪ੍ਰੀਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

ਸੰਤ ਜਸਵੀਰ ਸਿੰਘ ਜੀ ਖਾਲਸਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਕਾਲਾ ਮਾਲਾ ਵਿਖੇ ਅੱਜ ਮਿਤੀ 1-7-16 ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਹੋਵੇਗਾ। ਸਮੂਹ ਸੰਗਤਾਂ ਗੁਰਦੁਆਰਾ ਸਿਧ ਸਰ ਸਾਹਿਬ ਕਾਲਾ ਮਾਲਾ, ਪਿੰਡ ਤੇ ਡਾਕਘਰ ਛਾਪਾ, ਤਹਿ: ਬਰਨਾਲਾ, ਜ਼ਿਲ੍ਹਾ ਸੰਗਰੂਰ ਵਿਖੇ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨ।