logoਅੰਮ੍ਰਿਤਸਰ : ੨੭ ਅਕਤੂਬਰ (        ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ‘ਅੰਬਰਸਰੀਆ’ ਫਿਲਮ ਦੀ ਸ਼ੂਟਿੰਗ ਕੀਤੇ ਜਾਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਕਾਰਵਾਈ ਕੀਤੀ ਹੈ।
ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਜਾਣਕਾਰੀ ਦੇਂਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਕਰਨ ਦੀ ਪ੍ਰਵਾਨਗੀ ਪੁਲੀਸ ਪ੍ਰਸ਼ਾਸਨ ਵੱਲੋਂ ਲਈ ਗਈ ਸੀ।ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਫਿਲਮ ਦੇ ਡਾਇਰੈਕਟਰ ਮਨਦੀਪ ਕੁਮਾਰ ਨੂੰ ਬੁਲਾ ਕੇ ਸ਼ੂਟਿੰਗ ਵਾਲੇ ਸਾਰੇ ਦ੍ਰਿਸ਼ ਚੈੱਕ ਕੀਤੇ ਅਤੇ ਉਸ ਨੂੰ ਗਲਿਆਰੇ ਵਾਲੇ ਦ੍ਰਿਸ਼ ਤੁਰੰਤ ਕੱਟਣ ਦੀ ਸਖ਼ਤ ਹਿਦਾਇਤ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਅਗਾਂਹ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ਕਿਸੇ ਵੀ ਫਿਲਮ ਡਾਇਰੈਕਟਰ ਨੂੰ ਸ਼ੂਟਿੰਗ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜਿਸ ਡਾਇਰੈਕਟਰ ਨੇ ਫਿਲਮ ਦੀ ਸ਼ੂਟਿੰਗ ਕਰਨੀ ਹੋਵੇਗੀ ਉਹ ਪਹਿਲਾਂ ਫਿਲਮ ਦੀ ਸਕਰਿਪਟ ਸ਼੍ਰੋਮਣੀ ਕਮੇਟੀ ਨੂੰ ਦਿਖਾ ਕੇ ਪਾਸ ਕਰਵਾਏਗਾ, ਇਸ ਉਪਰੰਤ ਹੀ ਆਗਿਆ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਦੁਨੀਆਂ ਦਾ ਆਸਥਾ ਦਾ ਕੇਂਦਰ ਹੈ ਤੇ ਇਸ ਦੇ ਗਲਿਆਰੇ ਵਿੱਚ ਕੋਈ ਵੀ ਡਾਇਰੈਕਟਰ ਬਿਨਾਂ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਲਏ ਸ਼ੂਟਿੰਗ ਨਹੀਂ ਕਰ ਸਕੇਗਾ।