ਅੰਮ੍ਰਿਤਸਰ 5 ਨਵੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਦੀ ਨਵੀਂ ਬਣੀ ਟਰੂਡੋ ਸਰਕਾਰ ਵਿੱਚ ਸ. ਹਰਜੀਤ ਸਿੰਘ ਸੱਜਣ ਦੇ ਰੱਖਿਆ ਮੰਤਰੀ ਬਣਨ ‘ਤੇ ਵਧਾਈ ਦਿੱਤੀ ਹੈ।ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਬਹੁਤ ਹੀ ਘੱਟ ਵੱਸੋਂ ਵਾਲੀ ਸਿੱਖਾਂ ਦੀ ਅਬਾਦੀ ਵਿਚੋਂ ਉੱਭਰਦਿਆਂ ਕੈਨੇਡਾ ਵਿੱਚ ਹੋਈਆਂ ਚੋਣਾਂ ‘ਚ ਜਿੱਤ ਪ੍ਰਾਪਤ ਕਰਕੇ ਉਥੋਂ ਦੀ ਟਰੂਡੋ ਸਰਕਾਰ ਵਿੱਚ ਪਹਿਲੇ ਸਿੱਖ ਰੱਖਿਆ ਮੰਤਰੀ ਬਣ ਕੇ ਸ. ਹਰਜੀਤ ਸਿੰਘ ਸੱਜਣ ਨੇ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਕੈਨੇਡਾ ਸਰਕਾਰ ਵਿੱਚ ਬਣੇ ਪੰਜਾਬੀ ਮੰਤਰੀ ਸ. ਹਰਜੀਤ ਸਿੰਘ ਸੱਜਣ ਤੋਂ ਇਲਾਵਾ ਸ. ਨਵਦੀਪ ਸਿੰਘ ਬੈਂਸ, ਸ. ਅਮਰਜੀਤ ਸਿੰਘ ਸੋਹੀ ਅਤੇ ਬੀਬੀ ਬਰਦੀਸ਼ ਝੱਗਰ ਨੂੰ ਵੀ ਹਾਰਦਿਕ ਵਧਾਈ ਦੇਂਦਿਆਂ ਕਿਹਾ ਕਿ ਅੱਜ ਸਿੱਖ ਗਲੋਬਲ ਪੱਧਰ ਤੇ ਆਪਣੀ ਮਿਹਨਤ ਸਦਕਾ ਪੰਜਾਬ ਅਤੇ ਪੰਜਾਬੀਅਤ ਦਾ ਪੂਰੀ ਦੁਨੀਆਂ ਵਿੱਚ ਨਾਮ ਰੌਸ਼ਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਬੇਸ਼ੱਕ ਸਿੱਖ ਕੌਮ ਘੱਟ ਗਿਣਤੀ ਵਜੋਂ ਜਾਣੀ ਜਾਂਦੀ ਹੈ, ਪਰ ਇਨ੍ਹਾਂ ਦੀ ਕਾਰਗੁਜ਼ਾਰੀ ਨੇ ਦੁਨੀਆਂ ਵਿੱਚ ਇਨ੍ਹਾਂ ਦੇ ਅਕਸ ਨੂੰ ਵੱਡੇ ਪੱਧਰ ਤੇ ਉਭਾਰਿਆ ਹੈ।ਇਹ ਸਭ ਗੁਰੂ ਸਾਹਿਬਾਨ ਦੀ ਬਖਸ਼ਿਸ਼ ਸਦਕਾ ਹੀ ਸੰਭਵ ਹੋ ਸਕਿਆ ਹੈ ਕਿ ਭਾਰਤ ਦੇ ਛੋਟੇ ਜਿਹੇ ਖਿੱਤੇ ‘ਚੋਂ ਉੱਭਰੀ ਇਹ ਕੌਮ ਸੰਸਾਰ ਦੇ ਨਕਸ਼ੇ ਤੇ ਪ੍ਰਵਾਨੀ ਗਈ ਹੈ ਅਤੇ ਆਪਣੇ ਹੁਨਰ ਸਦਕਾ ਵੱਡੀਆਂ ਤਲਿਸਮੀ ਪਦਵੀਆਂ ਤੇ ਸੁਭਾਇਮਾਨ ਹੋ ਗਈ ਹੈ।