S. Avtar Singhਅੰਮ੍ਰਿਤਸਰ 30 ਨਵੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਪੱਤਰਕਾ ਲਿਖੀ ਹੈ।ਆਪਣੇ ਪੱਤਰ ਵਿੱਚ ਉਨ੍ਹਾਂ ਸ੍ਰੀ ਖੱਟੜ ਦਾ ਧਿਆਨ ਅਖ਼ਬਾਰੀ ਮਾਧਿਅਮ ਰਾਹੀਂ ਲੱਗੀ ਖ਼ਬਰ ਕਿ ਯਮੁਨਾਨਗਰ ਦੇ ਮਹਾਰਾਜਾ ਅਗਰਸੈਨ ਕਾਲਜ ਵਿਖੇ ਅੰਮ੍ਰਿਤਧਾਰੀ ਨੌਜਵਾਨ ਸ. ਹਰਮਨਪ੍ਰੀਤ ਸਿੰਘ ਵਾਸੀ ਅੰਬਾਲਾ ਨੂੰ ਸ੍ਰੀ ਸਾਹਿਬ ਪਾਈ ਹੋਣ ਕਰਕੇ ਸੈਂਟਰ ਵਿੱਚ ਮੌਜੂਦ ਮੈਡਮ ਨੇ ਜੇ.ਈ. ਦਾ ਪੇਪਰ ਦੇਣ ਤੋਂ ਰੋਕਿਆ ਹੈ ਵੱਲ ਦਵਾਇਆ।ਉਨ੍ਹਾਂ ਕਿਹਾ ਕਿ ਸ. ਹਰਮਨਪ੍ਰੀਤ ਸਿੰਘ ਨੂੰ ਮੈਡਮ ਨੇ ਸ੍ਰੀ ਸਾਹਿਬ ਬਾਹਰ ਉਤਾਰ ਕੇ ਆਉਣ ਲਈ ਮਜ਼ਬੂਰ ਕੀਤਾ ਹੈ।ਉਨ੍ਹਾਂ ਕਿਹਾ ਕਿ ਮੈਡਮ ਦੀ ਇਸ ਹਰਕਤ ਤੇ ਅੰਮ੍ਰਿਤਧਾਰੀ ਨੌਜਵਾਨ ਸ. ਹਰਮਨਪ੍ਰੀਤ ਸਿੰਘ ਨੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਜਿਨ੍ਹਾਂ ਨੇੜਲੇ ਸਿੱਖ ਆਗੂਆਂ ਤੱਕ ਪਹੁੰਚ ਕੀਤੀ।ਉਨ੍ਹਾਂ ਕਿਹਾ ਕਿ ਇਸ ਸਾਰੀ ਕਾਰਵਾਈ ਉਪਰੰਤ ਤਕਰੀਬਨ ੩੦-੪੦ ਮਿੰਟ ਬਾਅਦ ਸ. ਹਰਮਨਪ੍ਰੀਤ ਸਿੰਘ ਨੂੰ ਪੇਪਰ ਦੇਣ ਲਈ ਕੇਂਦਰ ਵਿੱਚ ਬੈਠਣ ਲਈ ਕਿਹਾ ਗਿਆ।
ਉਨ੍ਹਾਂ ਆਪਣੇ ਪੱਤਰ ‘ਚ ਅੱਗੇ ਲਿਖਿਆ ਕਿ ਸ੍ਰੀ ਸਾਹਿਬ ਸਿੱਖਾਂ ਦੇ ਪੰਜ ਕਕਾਰਾਂ ਦਾ ਹਿੱਸਾ ਹੈ ਤੇ ਅੰਮ੍ਰਿਤ ਛਕਣ ਸਮੇਂ ਸਿੱਖ ਨੂੰ ਪੰਜ ਕਕਾਰਾਂ ਦਾ ਧਾਰਨੀ ਹੋਣ ਲਈ ਪ੍ਰੇਰਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਿੱਖ ਇਸ ਨੂੰ ਕਿਸੇ ਵੀ ਕੀਮਤ ਤੇ ਆਪਣੇ ਸਰੀਰ ਤੋਂ ਵੱਖ ਨਹੀਂ ਕਰ ਸਕਦਾ।ਪਰ ਅਜਿਹੀਆਂ ਘਟਨਾਵਾਂ ਭਾਰਤ ਦੀ ਪ੍ਰਭੂਸੱਤਾ ਨੂੰ ਢਾਹ ਲਗਾਉਣ ਦੇ ਨਾਲ-ਨਾਲ ਧਾਰਮਿਕ ਅਧਿਕਾਰ ਨੂੰ ਠੇਸ ਪਹੁੰਚਾ ਰਹੀਆਂ ਹਨ।ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਪੁਰਜੋਰ ਅਪੀਲ ਕਰਦਿਆਂ ਇਸ ਮਾਮਲੇ ‘ਚ ਨਿੱਜੀ ਦਿਲਚਸਪੀ ਲੈਂਦਿਆਂ ਸਬੰਧਤ ਅਧਿਕਾਰੀ ਖਿਲਾਫ ਸਖ਼ਤ ਕਾਰਵਾਈ ਕਰਨ ਤੇ ਜ਼ਰੂਰੀ ਨਿਰਦੇਸ਼ ਦੇਣ ਲਈ ਕਿਹਾ ਹੈ ਤਾਂ ਕਿ ਭਵਿੱਖ ਵਿੱਚ ਮੁੜ ਅਜਿਹੀਆਂ ਹਿਰਦੇ ਵੇਦਕ ਘਟਨਾਵਾਂ ਨਾ ਵਾਪਰ ਸਕਣ।