ਅੰਮ੍ਰਿਤਸਰ 24 ਅਗਸਤ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਵੱਲੋਂ ਦੀਨਾ ਨਗਰ ਥਾਣੇ ਉੱਪਰ ਕੀਤੇ ਹਮਲੇ ਵਿੱਚ ਲੰਗਰ ਤੇ ਚਾਹ ਦੀ ਸੇਵਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਥੋਂ ਜਾਰੀ ਪ੍ਰੈਸ ਨੋਟ ਵਿੱਚ ਜਾਣਕਾਰੀ ਦੇਂਦਿਆਂ ਦੱਸਿਆ ਕਿ ਦੀਨਾ ਨਗਰ (ਗੁਰਦਾਪੁਰ) ਵਿਖੇ ਪਿਛਲੇ ਦਿਨੀ ਇਕ ਥਾਣੇ ਉੱਪਰ ਪਕਿਸਤਾਨੀ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਆਪਣੀ ਜਾਨ ਜੌਖਮ ਵਿੱਚ ਪਾ ਕੇ ਵੱਖ-ਵੱਖ ਪਿੰਡਾਂ ਵੱਲੋਂ ਲੰਗਰ ਲਗਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਹਮਲੇ ਦੌਰਾਨ ਜਿੱਥੇ ਦੇਸ਼ ਦੇ ਦੁਸ਼ਮਣ ਪਾਕਿਸਤਾਨੀ ਅੱਤਵਾਦੀਆਂ ਨੂੰ ਪੁਲਿਸ ਦੇ ਜਵਾਨਾਂ ਅਤੇ ਸਵੈਟ ਕਮਾਂਡੋਜ ਵੱਲਂੋ ਆਪਣੂ ਜਾਨ ਦੀ ਬਾਜੀ ਲਗਾ ਕੇ ਹੋਏ ਗਹਿਗੱਚ ਮੁਕਾਬਲੇ ਦੌਰਾਨ ਜਾਨੋਂ ਮਾਰ ਮੁਕਾਇਆ, ਓਥੇ ਵੱਖ-ਵੱਖ ਪਿੰਡਾਂ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੰਗਰ ਅਤੇ ਚਾਹ-ਪਾਣੀ ਦੀ ਕੀਤੀ ਗਈ ਸੇਵਾ ਨੇ ਵੀ ਮਨੁੱਖਤਾ ਲਈ ਇਕ ਮਿਸਾਲ ਕਾਇਮ ਕੀਤੀ ਹੈ।ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਭੇਦ ਭਾਵ ਦੇ ਤਨੋ-ਮਨੋ ਹੋ ਕੇ ਮਨੁੱਖਤਾ ਦੀ ਭਲਾਈ ਲਈ ਕੀਤੀ ਗਈ ਸੇਵਾ ਹੀ ਅਸਲ ਸੇਵਾ ਹੈ।ਉਨ੍ਹਾਂ ਕਿਹਾ ਕਿ ਦੀਨਾ ਨਗਰ ਥਾਣੇ ਉੱਪਰ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਕੀਤਾ ਗਿਆ ਹਮਲਾ ਬੜੀ ਦੁੱਖਦਾਈ ਘਟਨਾ ਸੀ ਜਿਸ ਨੇ ਕਈ ਬੇ-ਗੁਨਾਹਾਂ ਦੀਆਂ ਜਾਨਾ ਲਈਆਂ, ਪਰ ਇਨਸਾਨੀਅਤ ਕਦੇ ਖਤਮ ਨਹੀਂ ਹੁੰਦੀ ਇਸ ਦਾ ਸਬੂਤ ਇਨ੍ਹਾਂ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਸੇਵਾ ਹੈ।

ਸ. ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਦੀਨਾ ਨਗਰ ਵਿਖੇ ਸ. ਨਰਿੰਦਰ ਸਿੰਘ ਵਾੜਾ ਦੀ ਅਗਵਾਈ ‘ਚ ਸੇਵਾ ਕਰਨ ਵਾਲੇ ਆਏ ਵੱਖ-ਵੱਖ ਪਿੰਡਾਂ ਦੇ ਨੁਮਾਇੰਦੇ ਜਿਨ੍ਹਾਂ ਵਿੱਚ ਸ. ਹਰਜੀਤ ਸਿੰਘ ਗਰੋਟੀਆਂ, ਨੰਬਰਦਾਰ ਬਲਬੀਰ ਸਿੰਘ ਸਮਰਾਲਾ ਨਗਰ, ਸ. ਸਰਬਜੀਤ ਸਿੰਘ ਨੰਬਰਦਾਰ ਜਕੜੀਆ, ਸ. ਹਰਜੋਤ ਸਿੰਘ ਭਟੋਆ, ਇੰਜੀਨੀਅਰ ਮਨਜੀਤ ਸਿੰਘ ਵਾੜਾ, ਬਾਬਾ ਬਲਵਿੰਦਰ ਸਿੰਘ ਦੀਨਾ ਨਗਰ, ਸ. ਇੰਦਰਜੀਤ ਸਿੰਘ ਅਤੇ ਸ. ਸਾਧਾ ਸਿੰਘ ਵਾੜਾ ਆਦਿ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।