24-02-2015-2ਅੰਮ੍ਰਿਤਸਰ ੨੪ ਫਰਵਰੀ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਤਿਆਰ ਕੀਤੀ ਗਈ ਧਾਰਮਿਕ ਫ਼ਿਲਮ ‘ਸਮਸ਼ੇਰ ਖਾਲਸਾ’ ਦੀ ਸੀ.ਡੀ. ਦੀ ਪਹਿਲੀ ਕਾਪੀ ਰਿਲੀਜ਼ ਕੀਤੀ।

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅੱਜ ਦਾ ਯੁੱਗ ਮੀਡੀਏ ਦਾ ਯੁੱਗ ਹੈ ਅਤੇ ਫਿਲਮਾਂ ਤੇ ਨਾਟਕਾਂ ਦੇ ਮਾਧਿਅਮ ਰਾਹੀਂ ਇਤਿਹਾਸ ਅਤੇ ਵਿਰਸੇ ਨੂੰ ਦੁਹਰਾਉਣਾ ਇਕ ਸਫ਼ਲ ਯਤਨ ਹੈ।ਉਨ੍ਹਾਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ੧੮ਵੀਂ ਸਦੀ ਦੇ ਸਿੱਖ ਇਤਿਹਾਸ ਦੀਆਂ ਕੁਝ ਕੁ ਝਾਕੀਆਂ ਨੂੰ ਦਰਸਾਉਂਦੀ ਟੈਲੀਫਿਲਮ ‘ਸ਼ਮਸ਼ੇਰ ਖਾਲਸਾ’ ਬਣਾਈ ਗਈ ਹੈ ਜਿਸ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਸਿੱਖ ਵਿਰਸੇ ਤੋਂ ਜਾਣੂੰ ਕਰਾਉਣਾ ਹੈ।ਇਸ ਫਿਲਮ ਦੀ ਕਹਾਣੀ ਵਿਚ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੇ ਇਸ ਸ਼ਹੀਦੀ ਤੋਂ ਬਾਅਦ ਸਿੱਖਾਂ ਵਿਚ ਪੈਦਾ ਹੋਏ ਰੋਹ ਦੀ ਤਸਵੀਰ ਪੇਸ਼ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਉਸ ਸਮੇਂ ਮੁਗਲ ਹਕੂਮਤ ਵੱਲੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ, ਸਿੱਖਾਂ ਨੇ ਆਪਣੇ ਘਰ-ਪ੍ਰੀਵਾਰ ਛੱਡ ਕੇ ਜੰਗਲਾਂ ਵਿੱਚ ਜਾਣਾ,ਸਿੱਖਾਂ ਨੇ ਜ਼ਾਲਮ ਹੁਕਮਰਾਨਾ ਦੇ ਅਸਹਿ ਤੇ ਅਕਹਿ ਕਸ਼ਟ ਸਹਾਰਨੇ, ਬਾਬਾ ਬੋਤਾ ਸਿੰਘ ਸ਼ਹੀਦ ਤੇ ਬਾਬਾ ਗਰਜਾ ਸਿੰਘ ਸ਼ਹੀਦ ਨੇ ਖਾਲਸਾ ਰਾਜ ਸਥਾਪਿਤ ਕਰਨਾ ਤੇ ਫਿਲਮ ਦੇ ਅਖੀਰ ਉੱਤੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਅਤੇ ਨਵਾਬ ਜਕਰੀਆ ਖਾਨ ਦੀ ਮੌਤ ਦੇ ਹਾਲਾਤਾਂ ਨੂੰ ਫਿਲਮਾਇਆ ਗਿਆ ਹੈ।ਇਸ ਫਿਲਮ ਵਿਚ ਲਗਭਗ ਸਾਰੇ ਸਿੱਖ ਕਿਰਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕਾਂ ਤੇ ਹੋਰ ਮੁਲਾਜ਼ਮਾਂ ਨੇ ਨਿਭਾਏ ਹਨ।ਉਨ੍ਹਾਂ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਬੀਬੀ ਮਨਜੀਤ ਕੋਰ ਦੀ ਹੈ ਅਤੇ ਇਸ ਦੇ ਡਾਇਰੈਕਟਰ ਸ੍ਰੀ ਗੁਰਿੰਦਰ ਮਕਨਾ ਹਨ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ ਅਤੇ ਭਵਿੱਖ ਵਿੱਚ ਸਿੱਖ ਕੌਮ ਦੇ ਬੱਚੇ-ਬੱਚੀਆਂ ਇਸ ਮਾਧਿਅਮ ਰਾਹੀਂ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੋ ਕੇ ਸੁਚੱਜੀ ਸੇਧ ਲੈਣਗੇ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਜਨਰੈਲ ਹਰੀ ਸਿੰਘ ਨਲੂਆ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ‘ਤੇ ਵੀ ਫਿਲਮ ਬਣਾਈ ਜਾਵੇਗੀ।

ਇਸ ਤੋਂ ਪਹਿਲਾਂ ਜਥੇਦਾਰ ਅਵਤਾਰ ਸਿੰਘ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਪ੍ਰਧਾਨ ਬਣਨ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਤਰਨਤਾਰਨ ਅਤੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਵਿਖੇ ਸ਼ੁਕਰਾਨਾ ਕੀਤਾ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਥੇਦਾਰ ਅਵਤਾਰ ਸਿੰਘ ਨੂੰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਦੀ ਸ਼ਤਾਬਦੀ ਮਨਾaੁਣ ਲਈ ਉਚਿਤ ਪ੍ਰਬੰਧ ਕਰਨ ਵਾਸਤੇ ਸਬੰਧਿਤ ਮਾਹਿਰਾਂ ਤੇ ਅਧਿਕਾਰੀਆਂ ਦਾ ਸਹਿਯੋਗ ਲਿਆ ਜਾਵੇਗਾ।ਸ਼ਤਾਬਦੀ ਮੌਕੇ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜਲਦ ਹੀ ਸਰਾਵਾਂ ਬਣਾਈਆਂ ਜਾਣਗੀਆਂ ਅਤੇ ਲੋੜ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸਟਾਫ ਦਾ ਸਹਿਯੋਗ ਵੀ ਲਿਆ ਜਾਵੇਗਾ।

ਇਸ ਮੌਕੇ ਸ. ਰਜਿੰਦਰ ਸਿੰਘ ਮਹਿਤਾ ਅੰਤਿੰ੍ਰਗ ਕਮੇਟੀ ਮੈਂਬਰ, ਸ. ਦਲਮੇਘ ਸਿੰਘ, ਸ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਸਤਬੀਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਹਰਭਜਨ ਸਿੰਘ ਮਨਾਵਾਂ, ਸ. ਪਰਮਜੀਤ ਸਿੰਘ ਸਰੋਆ, ਸ. ਕੇਵਲ ਸਿੰਘ, ਸ. ਮਹਿੰਦਰ ਸਿੰਘ ਆਹਲੀ ਤੇ ਸ. ਰਣਜੀਤ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਜਗਜੀਤ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਸੰਤੋਖ ਸਿੰਘ ਤੇ ਸ. ਜਸਪਾਲ ਸਿੰਘ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਤੇ ਸ. ਗੁਰਿੰਦਰ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਸਤਨਾਮ ਸਿੰਘ ਸੁਪ੍ਰਿੰਟੈਡੈਂਟ, ਸ. ਪਰਮਿੰਦਰ ਸਿੰਘ ਇੰਚਾਰਜ ਯਾਤਰਾ, ਸ. ਇੰਦਰਮੋਹਣ ਸਿੰਘ ਅਨਜਾਣ ਸੁਪਰਵਾਈਜ਼ਰ ਆਦਿ ਹਾਜ਼ਰ ਸਨ।