1ਅੰਮ੍ਰਿਤਸਰ 17 ਨਵੰਬਰ    (      ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਪ੍ਰਕਾਸ਼ਿਤ ਅਤੇ ਸ. ਦਿਲਜੀਤ ਸਿੰਘ ਬੇਦੀ ਦੁਆਰਾ ਸੰਪਾਦਤ ਪੁਸਤਕ ‘ਸ੍ਰੀ ਅਨੰਦਪੁਰ ਸਾਹਿਬ ਬਹੁਪੱਖੀ ਦਰਸ਼ਨ’ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਇਹ ਪੁਸਤਕ ਖਾਲਸੇ ਦੇ ਪ੍ਰਗਟ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਦੇ ਵਿਭਿੰਨ ਪੱਖਾਂ ਤੇ ਰੌਸ਼ਨੀ ਪਾਉਂਦੀ ਹੈ।ਇਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਬਹੁਪੱਖੀ ਸਰੋਕਾਰਾਂ ਨੂੰ ਪ੍ਰਸਤੁਤ ਕੀਤਾ ਗਿਆ ਹੈ ਜਿਸ ਤਹਿਤ ਇਤਿਹਾਸਕ, ਸਿਧਾਂਤਿਕ ਤੇ ਭੂਗੋਲਿਕ ਪੱਖ ਦ੍ਰਿਸ਼ਟੀਗੋਚਰ ਹੁੰਦੇ ਹਨ।ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਸਿੱਖ ਕੌਮ ਲਈ ਵੱਡਮੁੱਲੀ ਹੈ ਅਤੇ ਪੁਸਤਕ ਰਾਹੀਂ ਸੰਪਾਦਕ ਨੇ ਯਤਨ ਕੀਤਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਤੋਂ ਲੈ ਕੇ ਵਰਤਮਾਨ ਤੱਕ ਇਸ ਦੇ ਵਿਕਾਸ ਤੇ ਵਿਗਾਸ ਨੂੰ ਬਿਆਨ ਕੀਤਾ ਜਾਵੇ।
ਪੁਸਤਕ ਦੇ ਸੰਪਾਦਕ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਸਤਕ ਵਿੱਚ ੫੦ ਤੋਂ ਜ਼ਿਆਦਾ ਵਿਦਵਾਨਾਂ ਦੇ ਖੋਜ ਭਰਪੂਰ ਲੇਖ ਸ਼ਾਮਲ ਕੀਤੇ ਗਏ ਹਨ।ਇਹ ਲੇਖ ਪੁਰਾਤਨ ਸਰੋਤਾਂ ਦੇ ਆਧਾਰ ਤੇ ਅਤੇ ਇਤਿਹਾਸਕ ਪਰਿਪੇਖ ਵਿੱਚ ਰਹਿੰਦਿਆਂ ਲਿਖੇ ਗਏ ਹਨ।ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਸ. ਸਤਿੰਦਰ ਸਿੰਘ ਫੂਲਪੁਰ, ਸ. ਹਰਭਜਨ ਸਿੰਘ ਵਕਤਾ ਤੇ ਪ੍ਰੋ.ਮਨਜੀਤ ਕੌਰ ਦਾ ਸਹਿਯੋਗ ਰਿਹਾ ਹੈ।ਸ. ਬੇਦੀ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਸਤਕ ਵਿੱਚ ਜਿਥੇ ਲੇਖਾਂ ਦੁਆਰਾ ਪਾਠਕਾਂ ਨੂੰ ਇਤਿਹਾਸਕ ਅਸਥਾਨ ਦੇ ਬਹੁਪੱਖੀ ਦਰਸ਼ਨ ਹੋਣਗੇ, ਉਥੇ ਅਖੀਰਲੇ ਕੁਝ ਪੰਨਿਆਂ ਤੇ ਰੰਗਦਾਰ ਤਸਵੀਰਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ ਜੋ ਸ੍ਰੀ ਅਨੰਦਪੁਰ ਸਾਹਿਬ ਦੀ ਦ੍ਰਿਸ਼ਕਾਰੀ ਨੂੰ ਪੇਸ਼ ਕਰਦੀਆਂ ਹਨ।
ਇਸ ਮੌਕੇ  ਜਥੇਦਾਰ ਅਵਤਾਰ ਸਿੰਘ ਦੇ ਨਾਲ ਸ. ਅਮਰੀਕ ਸਿੰਘ ਵਿਛੋਆ ਮੈਂਬਰ ਸ਼੍ਰੋਮਣੀ ਕਮੇਟੀ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਗੁਰਿੰਦਰ ਸਿੰਘ ਪੀ ਏ, ਸ. ਹਰਭਜਨ ਸਿੰਘ ਵਕਤਾ ਤੇ ਸ. ਜਗਤਾਰ ਸਿੰਘ ਖੋਦੇਬੇਟ ਆਦਿ ਹਾਜ਼ਰ ਸਨ।