ਅੰਮ੍ਰਿਤਸਰ 12 ਅਗਸਤ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਰਮਨ ਦੇ ਹੈਮਬਰਗ ਵਿਖੇ ਸਤਿਆ ਸਿੰਘ ਵੱਲੋਂ ਬਣਾਏ ਗਏ ਯੋਗਾ ਜੈਂਨਟਰਮ ਹੋਹੀਲੁਫਟ ਆਸ਼ਰਮ ਅੰਦਰ ਫਰਸ਼ ਅਤੇ ਪੌੜੀਆਂ ਤੇ ਲੱਗੇ ਮਾਰਬਲ ਦੀਆਂ ਟਾਈਲਾਂ ਉਪਰ ਇਕ ਓਂਕਾਰ ਅਤੇ ਗੁਰਬਾਣੀ ਦੀਆਂ ਤੁਕਾਂ ਨੂੰ ਉਕੇਰ ਕੇ ਪੈਰਾਂ ਤਲੇ ਰੋਲਨ ਦੇ ਮਾਮਲੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਥੋਂ ਜਾਰੀ ਪ੍ਰੈੱਸ ਨੋਟ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਾਵਨ ਪਵਿੱਤਰ ਬਾਣੀ ਨੂੰ ਫਰਸ਼ ‘ਤੇ ਉਕੇਰਨ ਨਾਲ ਇਹ ਬਾਣੀ ਉਥੋਂ ਲੰਘਣ ਵਾਲੇ ਹਰ ਸਖਸ਼ ਦੇ ਪੈਰਾਂ ਥਲੇ ਆਉਂਦੀ ਹੈ ਜੋ ਬਾਣੀ ਦੀ ਘੋਰ ਬੇਅਦਬੀ ਹੈ।ਉਨ੍ਹਾਂ ਕਿਹਾ ਕਿ ਜਰਮਨ ਦੇ ਯੋਗ ਆਸ਼ਰਮ ਵੱਲੋਂ ਗੁਰਬਾਣੀ ਦੀ ਇਸ ਤਰ੍ਹਾਂ ਬੇਅਦਬੀ ਕਰਨ ਨਾਲ ਦੇਸ਼-ਵਿਦੇਸ਼ ‘ਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਨਿਰਾਦਰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਕੂਟਨੀਤਿਕ ਪੱਧਰ ਤੇ ਦਖਲ ਦਿੰਦੇ ਹੋਏ ਇਸ ਦਾ ਨਿਪਟਾਰਾ ਕਰਵਾਉਣ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਤਿਆ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਏਗੀ।ਉਨ੍ਹਾਂ ਨਾਲ ਹੀ ਕਿਹਾ ਕਿ ਆਸ਼ਰਮ ਸੰਚਾਲਕ ਬਿਨਾਂ ਦੇਰੀ ਇਸ ਕਾਰਵਾਈ ਦੀ ਤੁਰੰਤ ਜਨਤਕ ਤੌਰ ਤੇ ਮੁਆਫੀ ਮੰਗਣ।ਪਾਵਨ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਟਾਈਲਾਂ ਤੋਂ ਤੁਰੰਤ ਹਟਾਉਣ ਦੀ ਪਹਿਲ ਕਦਮੀ ਕਰਨ।