ਅੰਮ੍ਰਿਤਸਰ 04 ਦਸੰਬਰ ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਅਤੇ ਸਮੁੱਚੀ ਮਨੁੱਖਤਾ ਦੇ ਅਧਿਆਤਮਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਹਲਕਾ ਅਟਾਰੀ ਤੋਂ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਸਮੁੱਚੇ ਹਲਕੇ ਦੀਆਂ ਸੰਗਤਾਂ ਸਮੇਤ ਅੱਜ ਲੰਗਰ ਸੇਵਾ ਸ਼ੁਰੂ ਕੀਤੀ। ਉਨ੍ਹਾਂ ਵੱਲੋਂ ਇਹ ਲੰਗਰ ਸੇਵਾ ਭਲਕੇ ੫ ਦਸੰਬਰ ਤੱਕ ਚੱਲੇਗੀ। ਬੀਤੇ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿਖੇ ਹਲਕਾ ਪੱਧਰ ਦੀਆਂ ਸੰਗਤਾਂ ਵੱਲੋਂ ਸਮੂਹਿਕ ਰੂਪ ਵਿਚ ਇਕੱਤਰ ਹੋ ਕੇ ਸੇਵਾ ਕਰਨ ਦੀ ਸ਼ੁਰੂਆਤ ਬੀਬੀ ਸੁਰਿੰਦਰ ਕੌਰ ਬਾਦਲ ਵੱਲੋਂ ਕੀਤੀ ਗਈ ਸੀ ਜੋ ਲੰਮਾ ਸਮਾਂ ਜਾਰੀ ਰਹੀ। ਅੱਜ ਕਾਫ਼ੀ ਸਮੇਂ ਬਾਅਦ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਵਿਚ ਫਿਰ ਲੰਗਰ ਸੇਵਾ ਕਰਨ ਪਹੁੰਚੀਆਂ ਹਲਕਾ ਅਟਾਰੀ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ।
ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਚੋਂ ਰੋਜ਼ਾਨਾਂ ਲੱਖਾਂ ਸੰਗਤਾਂ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੁੰਦੀਆਂ ਹਨ ਅਤੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਦਕਾ ਉਨ੍ਹਾਂ ਨੂੰ ਹਲਕੇ ਦੀਆਂ ਸੰਗਤਾਂ ਸਮੇਤ ਅੱਜ ਲੰਗਰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਬੀ ਸੁਰਿੰਦਰ ਕੌਰ ਬਾਦਲ ਦੀ ਪ੍ਰੇਰਣਾ ਨਾਲ ਸ਼ੁਰੂ ਹੋਈ ਹਲਕਾ ਪੱਧਰੀ ਲੰਗਰ ਸੇਵਾ ਨਾਲ ਸੰਗਤਾਂ ਨੂੰ ਇਕਜੁੱਟ ਹੋ ਕੇ ਗੁਰੂ ਘਰ ਅੰਦਰ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਸੰਗਤਾਂ ਨੂੰ ਆਪ ਸੇਵਾ ਕਰਨ ਲਈ ਪਹੁੰਚਣ ਵਿਚ ਮੁਸ਼ਕਲ ਆਉਂਦੀ ਹੈ, ਹਲਕੇ ਦੀਆਂ ਸੰਗਤਾਂ ਦੇ ਸਾਥ ਨਾਲ ਸੇਵਾ ਕਰਕੇ ਉਹ ਆਪਣੇ ਆਪ ਨੂੰ ਧੰਨਤਾਯੋਗ ਸਮਝੀਆਂ ਹਨ। ਜਥੇਦਾਰ ਰਣੀਕੇ ਨੇ ਹਲਕੇ ਦੀਆਂ ਸੰਗਤਾਂ ਦਾ ਸੇਵਾ ਵਿਚ ਵਧ-ਚੜ੍ਹ ਕੇ ਯੋਗਦਾਨ ਪਾਉਣ ਲਈ ਹਾਰਦਿਕ ਧੰਨਵਾਦ ਵੀ ਕੀਤਾ।
ਉਨ੍ਹਾਂ ਦੱਸਿਆ ਕਿ ਲੰਗਰ ਸੇਵਾ ਲਈ ਹਲਕੇ ਦੀਆਂ ਸੰਗਤਾਂ ਵੱਲੋਂ ੬੦ ਕੁਇੰਟਲ ਆਟਾ, ੧੧ ਕੁਇੰਟਲ ਚੌਲ, ੧੦ ਕੁਇੰਟਲ ਦਾਲ, ੯ ਕੁਇੰਟਲ ਪਿਆਜ਼, ੭ ਕੁਇੰਟਲ ਦੇਸੀ ਘਿਓ, ੧੨ ਕੁਇੰਟਲ ਖੰਡ, ੩ ਕੁਇੰਟਲ ਪਨੀਰ, ੧੦ ਕੁਇੰਟਲ ਹਰੇ ਮਟਰ, ੨੫ ਕੁਇੰਟਲ ਦੁੱਧ, ੧੦ ਕੁਇੰਟਲ ਗਾਜਰ, ੩੦ ਕਿਲੋਂ ਚਾਹ ਪੱਤੀ, ੮੦ ਕਿਲੋਂ ਲਸਨ ਸਮੇਤ ਹੋਰ ਵੱਖ-ਵੱਖ ਰਸਦਾਂ ਲਿਆਂਦੀਆਂ ਗਈਆਂ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਬਾਬਾ ਨਿਰਮਲ ਸਿੰਘ ਨੌਸ਼ਿਹਰਾ ਢਾਲਾ ਤੇ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਕੰਵਲਜੀਤ ਕੌਰ ਰਣੀਕੇ, ਹਰਸਿਮਰਨ ਕੌਰ ਰਣੀਕੇ, ਅੰਜਨਾ ਸੇਠ, ਬਾਬਾ ਮੇਜਰ ਸਿੰਘ ਲੁਧਿਆਣਾ ਤਰਨਾ ਦਲ, ਬਾਬਾ ਗੁਰਪਿੰਦਰ ਸਿੰਘ ਵਡਾਲਾ, ਸ. ਹਰਦਲਬੀਰ ਸਿੰਘ ਸ਼ਾਹ, ਸ. ਸੁੱਚਾ ਸਿੰਘ ਧਰਮੀ ਫ਼ੌਜੀ, ਸ. ਪ੍ਰਗਟ ਸਿੰਘ ਬਨਵਾਲੀਪੁਰ, ਬਾਬਾ ਬਲਬੀਰ ਸਿੰਘ ਭਕਨਾ, ਸ. ਰਘਬੀਰ ਸਿੰਘ ਮੰਡ ਮੈਨੇਜਰ ਲੰਗਰ ਸ੍ਰੀ ਗੁਰੂ ਰਾਮਦਾਸ ਜੀ, ਸ. ਹਰਜਿੰਦਰ ਸਿੰਘ ਤੇ ਸ. ਰਾਜਿੰਦਰ ਸਿੰਘ ਅਟਾਰੀ ਐਡੀਸ਼ਨਲ ਮੈਨੇਜਰ, ਬਾਬਾ ਪ੍ਰਗਟ ਸਿੰਘ, ਸ. ਦਰਸ਼ਨ ਸਿੰਘ, ਸ. ਹਰਬੰਸ ਸਿੰਘ ਸਮੇਤ ਵੱਡੀ ਗਿਣਤੀਆਂ ਵਿਚ ਸੰਗਤਾਂ ਮੌਜੂਦ ਸਨ।